ਇੰਡੀਅਨ ਸਾਰਸ-ਸੀਓਵੀ-2 ਜੀਨੋਮਿਕਸ ਕੰਸੋਰਟੀਅਮ (ਆਈਐੱਨਐੱਸਏਸੀਓਜੀ) ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਵਿਡ-19 ਦੇ ਜੇਐੱਨ.1 ਵੇਰੀਐਂਟ ਦੇ ਕੁੱਲ 157 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਕੇਰਲ ਵਿੱਚ ਸਭ ਤੋਂ ਵੱਧ 78 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਗੁਜਰਾਤ ਵਿੱਚ 34 ਕੇਸ ਹਨ। ਕਈ ਸੂਬਿਆਂ ਵਿੱਚ ਪਿਛਲੇ ਕੁਝ ਹਫ਼ਤਿਆਂ ’ਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹੁਣ ਤੱਕ 9 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਜੇਐੱਨ.1 ਵੇਰੀਐਂਟ ਦੀ ਮੌਜੂਦਗੀ ਦਾ ਪਤਾ ਲੱਗਾ ਹੈ। ਆਈਐੱਨਐੱਸਏਸੀਓਜੀ ਅਨੁਸਾਰ ਕੇਰਲ ਵਿੱਚ 78, ਗੁਜਰਾਤ ਵਿੱਚ 34, ਗੋਆ ਵਿੱਚ 18, ਕਰਨਾਟਕ ਵਿੱਚ ਅੱਠ, ਮਹਾਰਾਸ਼ਟਰ ਵਿੱਚ ਸੱਤ, ਰਾਜਸਥਾਨ ਵਿੱਚ ਪੰਜ, ਤਾਮਿਲਨਾਡੂ ਵਿੱਚ ਚਾਰ, ਤਿਲੰਗਾਨਾ ਵਿੱਚ ਦੋ ਅਤੇ ਦਿੱਲੀ ਵਿੱਚ ਮਾਮਲਾ ਸਾਹਮਣੇ ਆਇਆ ਹੈ। ਦਸੰਬਰ ਵਿੱਚ 141 ਅਤੇ ਨਵੰਬਰ ਵਿੱਚ 16 ਅਜਿਹੇ ਮਾਮਲੇ ਸਾਹਮਣੇ ਆਏ ਸਨ।

