ਪੂਰੇ ਉੱਤਰੀ ਭਾਰਤ ’ਚ ਵੀਰਵਾਰ ਨੂੰ ਧੁੰਦ ਦੀ ਸੰਘਣੀ ਚਾਦਰ ਫੈਲ ਗਈ। ਮੌਸਮ ਵਿਭਾਗ ਵੱਲੋਂ ਜਾਰੀ ਸੈਟੇਲਾਈਟ ਤਸਵੀਰਾਂ ’ਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਸੰਘਣੀ ਧੁੰਦ ਦੀ ਪਰਤ ਦਿਖਾਈ ਦੇ ਰਹੀ ਹੈ। ਸੰਘਣੀ ਧੁੰਦ ਕਾਰਨ ਹੱਥ ਨੂੰ ਹੱਥ ਨਹੀਂ ਦਿਖਾਈ ਦੇ ਰਿਹਾ ਸੀ ਜਿਸ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ ਠੱਪ ਹੋ ਕੇ ਰਹਿ ਗਈ। ਉਂਜ ਕਈ ਥਾਵਾਂ ’ਤੇ ਦੁਪਹਿਰ ਸਮੇਂ ਧੁੱਪ ਨਿਕਲ ਆਈ ਸੀ ਪਰ ਸੀਤ ਹਵਾਵਾਂ ਦਾ ਜ਼ੋਰ ਜਾਰੀ ਸੀ। ਮੌਸਮ ਵਿਭਾਗ ਨੇ ‘ਐਕਸ’ ’ਤੇ ਪਾਈ ਪੋਸਟ ’ਚ ਖ਼ਬਰਦਾਰ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ’ਚ ਅਗਲੇ ਪੰਜ ਦਿਨਾਂ ਤੱਕ ਸੰਘਣੀ ਧੁੰਦ ਪੈ ਸਕਦੀ ਹੈ। ਇਸੇ ਤਰ੍ਹਾਂ ਯੂਪੀ ’ਚ ਅਗਲੇ ਤਿੰਨ ਦਿਨ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਯੂਪੀ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਬੱਸ ਚਾਲਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੰਘਣੀ ਧੁੰਦ ਦੌਰਾਨ ਬੱਸਾਂ ਨਾ ਚਲਾਉਣ। ਮੌਸਮ ਵਿਭਾਗ ਨੇ ਇਹ ਵੀ ਚਿਤਾਵਨੀ ਜਾਰੀ ਕੀਤੀ ਹੈ ਕਿ ਲੋਕ ਧੁੰਦ ਦੌਰਾਨ ਬਾਹਰ ਵਿਚਰਨ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨਾਲ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।
