ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅਯੁੱਧਿਆ ਵਿਚ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਲਈ ਮਿਲਿਆ ਸੱਦਾ ਠੁਕਰਾ ਦਿੱਤਾ ਹੈ। ਪਾਰਟੀ ਨੇ ਇਸ ’ਤੇ ਕਿਹਾ, ‘ਧਰਮ ਕਿਸੇ ਵਿਅਕਤੀ ਦੀ ਨਿੱਜੀ ਚੋਣ ਹੈ। ਸਾਡੀ ਨੀਤੀ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਦੀ ਹੈ, ਤੇ ਹਰ ਵਿਅਕਤੀ ਨੂੰ ਆਪਣੇ ਵਿਸ਼ਵਾਸ ਮੁਤਾਬਕ ਚੱਲਣ ਦਾ ਹੱਕ ਹੈ। ਧਰਮ ਕਿਸੇ ਦੀ ਨਿੱਜੀ ਚੋਣ ਹੈ ਤੇ ਇਸ ਨੂੰ ਸਿਆਸੀ ਲਾਹੇ ਵਿਚ ਤਬਦੀਲ ਨਹੀਂ ਕਰਨਾ ਚਾਹੀਦਾ। ਕਾਮਰੇਡ ਸੀਤਾਰਾਮ ਯੇਚੁਰੀ ਸੱਦਾ ਮਿਲਣ ਦੇ ਬਾਵਜੂਦ ਸਮਾਰੋਹ ਵਿਚ ਨਹੀਂ ਜਾਣਗੇ।’ ਇਕ ਬਿਆਨ ਵਿਚ ਖੱਬੇ ਪੱਖੀ ਪਾਰਟੀ ਦੀ ਪੋਲਿਟਬਿਊਰੋ ਨੇ ਕਿਹਾ ਕਿ ਯੇਚੁਰੀ ਨੂੰ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਮਿਲਿਆ ਸੀ। ਸੀਪੀਐਮ ਨੇ ਕਿਹਾ ਕਿ ‘ਇਹ ਬੇਹੱਦ ਮੰਦਭਾਗਾ’ ਹੈ ਕਿ ਭਾਜਪਾ ਤੇ ਆਰਐੱਸਐੱਸ ਨੇ ਧਾਰਮਿਕ ਸਮਾਰੋਹ ਨੂੰ ਸਰਕਾਰੀ ਸਮਾਗਮ ਵਿਚ ਬਦਲ ਦਿੱਤਾ ਹੈੈ। ਸੀਪੀਆਈ (ਐਮ) ਨੇ ਅੱਗੇ ਕਿਹਾ, ‘ਭਾਰਤ ਵਿਚ ਸ਼ਾਸਨ ਦਾ ਬੁਨਿਆਦੀ ਸਿਧਾਂਤ, ਜਿਸ ਨੂੰ ਸੁਪਰੀਮ ਕੋਰਟ ਨੇ ਵੀ ਦੁਹਰਾਇਆ ਹੈ, ਉਹ ਇਹ ਹੈ ਕਿ ਸੰਵਿਧਾਨ ਤਹਿਤ ਭਾਰਤ ਵਿਚ ਸਰਕਾਰ ਕਿਸੇ ਵੀ ਧਰਮ ਨਾਲ ਸਿੱਧੇ ਤੌਰ ’ਤੇ ਨਹੀਂ ਜੁੜ ਸਕਦੀ। ਇਸ ਸਿਧਾਂਤ ਦਾ ਸੱਤਾਧਾਰੀ ਸਰਕਾਰ ਇਹ ਸਮਾਗਮ ਕਰਵਾ ਕੇ ਉਲੰਘਣ ਕਰ ਰਹੀ ਹੈ।’

