ਯੂਪੀ ਦੇ ਪੀਲੀਭੀਤ ਜ਼ਿਲ੍ਹੇ ਦੇ ਦਿਹਾਤੀ ਇਲਾਕੇ ’ਚ ਇਕ ਮਕਾਨ ਦੀ ਕੰਧ ਉਤੇ ਡੇਰਾ ਜਮਾਉਣ ਵਾਲੀ ਬਾਘਣ (ਮਾਦਾ ਬਾਘ) ਨੂੰ ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਪਿੰਜਰੇ ਵਿਚ ਕੈਦ ਕਰ ਲਿਆ ਗਿਆ। ਇਸ ਦੌਰਾਨ ਆਲੇ-ਦੁਆਲੇ ਲੋਕ ਬਾਘਣ ਨੂੰ ਛੱਤਾਂ ਉਤੇ ਚੜ੍ਹ ਕੇ ਦੇਖਦੇ ਰਹੇ ਪਰ ਉਹ ਭੀੜ ਦੇ ਬਾਵਜੂਦ ਉੱਥੇ ਟਿਕੀ ਰਹੀ। ਮਾਦਾ ਬਾਘ ਕੰਧ ਉਤੇ ਧੁੱਪ ਸੇਕਦੀ ਰਹੀ ਤੇ ਉਬਾਸੀਆਂ ਲੈਂਦੀ ਰਹੀ। ਇਸ ਨੂੰ ਕਈ ਘੰਟਿਆਂ ਬਾਅਦ ਪੀਲੀਭੀਤ ਟਾਈਗਰ ਰਿਜ਼ਰਵ ਦੇ ਅਧਿਕਾਰੀਆਂ ਨੇ ਬੇਹੋਸ਼ੀ ਵਾਲਾ ਟੀਕਾ ਲਾ ਕੇ ਕਾਬੂ ਕਰ ਲਿਆ। ਜੰਗਲਾਤ ਅਧਿਕਾਰੀਆਂ ਮੁਤਾਬਕ ਇਹ ਬਾਘਣ ਤਿੰਨ ਸਾਲ ਤੋਂ ਘੱਟ ਉਮਰ ਦੀ ਸੀ। ਆਮ ਤੌਰ ’ਤੇ ਇਸ ਇਲਾਕੇ ਵਿਚ ਬਾਘ ਲੋਕਾਂ ਉਤੇ ਹਮਲਾ ਕਰ ਦਿੰਦੇ ਹਨ ਪਰ ਇਸ ਨੇ ਕਈ ਘੰਟੇ ਕੰਧ ਉਤੇ ਅਰਾਮ ਨਾਲ ਬਿਤਾਏ ਤੇ ਲੋਕ ਇਸ ਨੂੰ ਦੇਖਦੇ ਰਹੇ। ਜੰਗਲਾਤ ਅਧਿਕਾਰੀਆਂ ਨੇ ਮਗਰੋਂ ਕਿਹਾ ਕਿ ਇਹ ‘ਬਿਲਕੁਲ ਤੰਦਰੁਸਤ ਹੈ’, ਤੇ ਮਨੁੱਖੀ ਵਸੋਂ ਦੇ ਨੇੜੇ ਰਹਿੰਦੀ ਹੋਣ ਕਰ ਕੇ ਇਹ ਉਨ੍ਹਾਂ ਦੀ ਆਦੀ ਹੈ। ਇਸ ਕਰ ਕੇ ਇਸ ਨੂੰ ਉੱਥੇ ਵੱਡੀ ਗਿਣਤੀ ਵਿਅਕਤੀਆਂ ਦੀ ਮੌਜੂਦਗੀ ਦਾ ਕੋਈ ਫਰਕ ਨਹੀਂ ਪਿਆ।

