ਕਾਂਗਰਸ ਆਗੂ ਰਾਹੁਲ ਗਾਂਧੀ 14 ਜਨਵਰੀ ਤੋਂ ‘ਭਾਰਤ ਨਿਆਏ ਯਾਤਰਾ’ ਸ਼ੁਰੂ ਕਰਨਗੇ। ਮਨੀਪੁਰ ਤੋਂ ਮੁੰਬਈ ਤੱਕ ਕੱਢੀ ਜਾਣ ਵਾਲੀ ਇਹ ਯਾਤਰਾ 14 ਰਾਜਾਂ ਤੇ 85 ਜ਼ਿਲ੍ਹਿਆਂ ਵਿਚੋਂ ਦੀ ਹੋ ਕੇ ਲੰਘੇਗੀ। ਪੂਰਬ ਤੋਂ ਪੱਛਮ ਤੱਕ ਦਾ ਇਹ ਪੈਂਡਾ 67 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ‘ਭਾਰਤ ਜੋੜੋ ਯਾਤਰਾ’ ਦੀ ਸਫ਼ਲਤਾ ਮਗਰੋਂ ਰਾਹੁਲ ਦੀ ਇਸ ਅਗਲੀ ਯਾਤਰਾ ਨੂੰ 2024 ਦੀਆਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਹਮਾਇਤ ਜੁਟਾਉਣ ਦੇ ਅਮਲ ਵਜੋਂ ਦੇਖਿਆ ਜਾ ਰਿਹਾ ਹੈ। ਨਿਆਏ ਯਾਤਰਾ, ਜੋ ਕਰੀਬ 6200 ਕਿਲੋਮੀਟਰ ਦਾ ਫਾਸਲਾ ਤੈਅ ਕਰੇਗੀ, ਬਹੁਤਾ ਕਰ ਕੇ ਬੱਸਾਂ ਤੇ ਕਿਤੇ ਕਿਤੇ ਤੁਰ ਕੇ ਪੂਰੀ ਕੀਤੀ ਜਾਣੀ ਹੈ। ਤਜਵੀਜ਼ਤ ਯਾਤਰਾ 20 ਮਾਰਚ ਨੂੰ ਮੁੰਬਈ ਵਿਚ ਖ਼ਤਮ ਹੋਵੇਗੀ। ਇਸ ਤੋਂ ਪਹਿਲਾਂ ਰਾਹੁਲ ਨੇ ਪਿਛਲੇ ਸਾਲ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ‘ਭਾਰਤ ਜੋੜੋ ਯਾਤਰਾ’ ਦਾ 4000 ਕਿਲੋਮੀਟਰ ਤੋਂ ਵੱਧ ਦਾ ਫਾਸਲਾ 136 ਦਿਨਾਂ ’ਚ ਪੂਰਾ ਕੀਤਾ ਸੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਜਿੱਥੇ ‘ਆਰਥਿਕ ਅਸਮਾਨਤਾ, ਧਰੁਵੀਕਰਨ ਤੇ ਤਾਨਾਸ਼ਾਹੀ’ ਦੇ ਮੁੱਦਿਆਂ ਨੂੰ ਉਭਾਰਿਆ ਸੀ, ਉਥੇ ‘ਨਿਆਏ ਯਾਤਰਾ’ ਦੇਸ਼ ਦੇ ਲੋਕਾਂ ਲਈ ਸਮਾਜਿਕ, ਆਰਥਿਕ ਤੇ ਸਿਆਸੀ ਨਿਆਂ ’ਤੇ ਕੇਂਦਰਤ ਹੋਵੇਗੀ। ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 14 ਜਨਵਰੀ ਨੂੰ ਇੰਫਾਲ ਤੋਂ ਨਿਆਏ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਯਾਤਰਾ ਨਾਗਾਲੈਂਡ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੇ ਮਹਾਰਾਸ਼ਟਰ ਵਿਚੋਂ ਦੀ ਲੰਘੇਗੀ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਇਸ ਮਾਰਚ ਨੂੰ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਅਪਰੈਲ-ਮਈ ਵਿਚ ਹੋਣੀਆਂ ਹਨ। ਚੋਣਾਂ ਦਾ ਐਲਾਨ ਯਾਤਰਾ ਦੇ ਆਖਰੀ ਪੜਾਅ ਮੌਕੇ ਕੀਤਾ ਜਾ ਸਕਦਾ ਹੈ।
ਭਾਰਤ ਜੋੜੋ ਯਾਤਰਾ, ਜੋ 7 ਸਤੰਬਰ 2022 ਨੂੰ ਸ਼ੁਰੂ ਹੋ ਕੇ ਜਨਵਰੀ 2023 ਵਿਚ ਖ਼ਤਮ ਹੋਈ ਸੀ, ਦਾ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼, ਕਰਨਾਟਕ ਤੇ ਤਿਲੰਗਾਨਾ ਦੀਆਂ ਅਸੈਂਬਲੀ ਚੋਣਾਂ ਵਿੱਚ ਖਾਸਾ ਲਾਹਾ ਮਿਲਿਆ ਸੀ। ਪਾਰਟੀ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਦੀ ਇਸ ਯਾਤਰਾ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਨਵੀਂ ਰੂਹ ਫੂਕੀ ਗਈ ਸੀ। ਰਮੇਸ਼ ਨੇ ਕਿਹਾ, ‘‘ਭਾਰਤ ਜੋੜੋ ਯਾਤਰਾ ਮਗਰੋਂ ਕਾਂਗਰਸ ਹੁਣ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਰਤ ਨਿਆਏ ਯਾਤਰਾ ਕੱਢੇਗੀ।’’ ਉਨ੍ਹਾਂ ਕਿਹਾ ਕਿ ਕਾਂਗਰਸ 28 ਦਸੰਬਰ ਨੂੰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਨਾਗਪੁਰ ਵਿਚ ਵਿਸ਼ਾਲ ਰੈਲੀ ਕਰੇਗੀ। ਰੈਲੀ, ਜਿਸ ਦਾ ਨਾਮ ‘ਹੈਂ ਤਿਆਰ ਹਮ’ ਰੱਖਿਆ ਗਿਆ ਹੈ, ਕਾਂਗਰਸ ਲਈ 2024 ਦੀਆਂ ਲੋਕ ਸਭਾ ਚੋਣਾਂ ਲਈ ਬਿਗੁਲ ਹੋਵੇਗਾ। ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦੀ) ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਨਿਆਏ ਯਾਤਰਾ ਦੌਰਾਨ ਮਹਿਲਾਵਾਂ, ਨੌਜਵਾਨਾਂ ਤੇ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਨਾਲ ਰਾਬਤਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਿਆਏ ਯਾਤਰਾ ‘ਭਾਰਤ ਜੋੜੋ ਯਾਤਰਾ’ ਨਾਲੋਂ ਵੱਧ ਪੈਂਡਾ ਘੱਟ ਸਮੇਂ ਵਿਚ ਪੂਰਾ ਕਰੇਗੀ ਕਿਉਂਕਿ ਨਿਆਏ ਯਾਤਰਾ ਦੌਰਾਨ ਬਹੁਤਾ ਫਾਸਲਾ ਬੱਸ ਰਾਹੀਂ ਤੈਅ ਕੀਤਾ ਜਾਵੇਗਾ ਜਦੋਂਕਿ ਕੁਝ ਪੈਂਡਾ ਤੁਰ ਕੇ ਪੂਰਾ ਹੋਵੇਗਾ। ਦੱਸ ਦੇਈਏ ਕਿ ਕਾਂਗਰਸ ਵਰਕਿੰਗ ਕਮੇਟੀ ਦੀ 21 ਦਸੰਬਰ ਨੂੰ ਹੋਈ ਬੈਠਕ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਕਿ ਰਾਹੁਲ ਗਾਂਧੀ ਨੂੰ ਦੇਸ਼ ਦੇ ਪੂਰਬ ’ਚੋਂ ਪੱਛਮ ਵੱਲ ਦੂਜੇ ਗੇੜ ਦੀ ਯਾਤਰਾ ਕੱਢਣੀ ਚਾਹੀਦੀ ਹੈ।
ਯਾਤਰਾ ਦੀ ਸ਼ੁਰੂਆਤ ਲਈ ਮਨੀਪੁਰ ਨੂੰ ਹੀ ਚੁਣੇ ਜਾਣ ਪਿਛਲੇ ਮੰਤਵ ਬਾਰੇ ਪੁੱਛਣ ’ਤੇ ਵੇਣੂਗੋਪਾਲ ਨੇ ਕਿਹਾ ਕਿ ਇਹ ਦੇਸ਼ ਦਾ ਅਹਿਮ ਹਿੱਸਾ ਹੈ ਤੇ ਪਾਰਟੀ ਚਾਹੁੰਦੀ ਸੀ ਕਿ ਉੱਤਰ-ਪੂਰਬੀ ਰਾਜ ਦੇ ਲੋਕਾਂ ਦੇ ‘ਜ਼ਖ਼ਮਾਂ ’ਤੇ ਮੱਲ੍ਹਮ’ ਨਾਲ ਹੀ ਇਸ ਅਮਲ ਦਾ ਆਗਾਜ਼ ਹੋਵੇ। ਯਾਤਰਾ ਵਿਚ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦੇ ਸ਼ਾਮਲ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜੇ ਇਸ ’ਤੇ ਕੰਮ ਜਾਰੀ ਹੈ। ਭਾਰਤ ਜੋੜੋ ਯਾਤਰਾ ਦੌਰਾਨ ਗਾਂਧੀ ਨੇ 12 ਜਨਤਕ ਰੈਲੀਆਂ, 100 ਤੋਂ ਵੱਧ ਨੁੱਕੜ ਮੀਟਿੰਗਾਂ ਤੇ 13 ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ ਸੀ।

