ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਿਹਾ ਕਿ ਈਡੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਨਹੀਂ ਭੇਜ ਰਹੀ, ਸਗੋਂ ਭਾਜਪਾ ਭੇਜ ਰਹੀ ਹੈ। ਸੰਮਨ ਆਉਣ ਤੋਂ ਪਹਿਲਾਂ ਹੀ ਭਾਜਪਾ ਮੀਡੀਆ ਨੂੰ ਕਹਿੰਦੀ ਹੈ ਕਿ ਈਡੀ ਦਾ ਸੰਮਨ ਆਉਣ ਵਾਲਾ ਹੈ ਅਤੇ ਸੰਮਨ ਆਉਣ ’ਤੇ ਪ੍ਰੈੱਸ ਕਾਨਫਰੰਸ ਕਰਦੀ ਹੈ। ਇਹ ਭਾਜਪਾ ਹੀ ਹੈ ਜੋ ਸੰਮਨ ਤਿਆਰ ਕਰਕੇ ਈਡੀ ਨੂੰ ਭੇਜਦੀ ਹੈ। ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਇਹ ਸਾਰਾ ਮਾਮਲਾ ਫਰਜ਼ੀ ਹੈ। ਨਾ ਤਾਂ ਸ਼ਰਾਬ ਨੀਤੀ ਵਿੱਚ ਕੁਝ ਗਲਤ ਹੈ ਅਤੇ ਨਾ ਹੀ ਈਡੀ ਕੋਲ ਕੋਈ ਸਬੂਤ ਹੈ। ਇਹ ਸਾਜ਼ਿਸ਼ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਲਈ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਸੰਮਨ ਅਜਿਹੇ ਸਮੇਂ ’ਚ ਜਾਣ-ਬੁੱਝ ਕੇ ਭੇਜੇ ਗਏ ਹਨ, ਕਿਉਂਕਿ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 10 ਦਿਨਾਂ ਲਈ ਵਿਪਾਸਨਾ ਲਈ ਜਾਣ ਵਾਲੇ ਹਨ। ਦਰਅਸਲ, ਉਨ੍ਹਾਂ ਦਾ ਇਰਾਦਾ ਜਾਂਚ ਕਰਨਾ ਨਹੀਂ ਸਗੋਂ ਆਮ ਆਦਮੀ ਪਾਰਟੀ ਨੂੰ ਫਸਾਉਣਾ ਹੈ। ਰਾਘਵ ਚੱਢਾ ਨੇ ਵਿੱਚ ਕਿਹਾ ਕਿ ਕੇਜਰੀਵਾਲ ਨੇ ਪਿਛਲੇ ਸੰਮਨ ਵਾਰੀ ਈਡੀ ਨੂੰ ਸਵਾਲ ਪੁੱਛੇ ਸਨ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ, ਸਗੋਂ ਇੱਕ ਹੋਰ ਸੰਮਨ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਿਛਲੇ 25 ਸਾਲਾਂ ਤੋਂ ਲਗਾਤਾਰ ਹਰ ਸਾਲ ਵਿਪਾਸਨਾ ਲਈ ਜਾਂਦੇ ਹਨ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ‘ਆਪ’ ਦੀ ਤਰੱਕੀ ਤੇ ਹਰਮਨਪਿਆਰਤਾ ਰੋਕਣ ਲਈ ਸੰਮਨ ਭੇਜੇ ਗਏ ਹਨ।

