ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵੱਲੋਂ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਉਤਾਰਨ ਦੇ ਮਾਮਲੇ ਨੂੰ ਲੈ ਕੇ ਦਿੱਲੀ ਭਾਜਪਾ ਨੇ ਅੱਜ ਇਥੇ ਜੰਤਰ ਮੰਤਰ ’ਤੇ ਰੋਸ ਮੁਜ਼ਾਹਰਾ ਕਰਕੇ ਮੰਗ ਕੀਤੀ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਸਣੇ ਵਿਰੋਧੀ ਧਿਰਾਂ ਦੇ ਹੋਰ ਆਗੂ ਮੁਆਫੀ ਮੰਗਣ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਮੱਥੇ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਦੇਸ਼ ਦੀ ਸੰਸਦ ਜਮਹੂਰੀਅਤ ਦਾ ਮੰਦਰ ਹੈ। ਲੋਕ ਸਭਾ ਸਪੀਕਰ ਤੇ ਰਾਜ ਸਭਾ ਦੇ ਚੇਅਰਮੈਨ ਵਿਅਕਤੀ ਵਿਸ਼ੇਸ਼ ਨਹੀਂ ਸਗੋਂ ਸੰਸਥਾਵਾਂ ਹਨ। ਉਨ੍ਹਾਂ ਦਾ ਮਜ਼ਾਕ ਉਡਾਉਣਾ ਤੇ ਉਨ੍ਹਾਂ ਦਾ ਨਿਰਾਦਰ ਕਰਨਾ ਉਸ ਮੰਦਰ ਦਾ ਅਪਮਾਨ ਕਰਨ ਦੇ ਬਰਾਬਰ ਹੈ। ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੀ ਕਲਿਆਣ ਬੈਨਰਜੀ ਦੇਸ਼ ਦੀਆਂ ਸਰਹੱਦਾਂ ’ਤੇ ਜਾ ਕੇ ਨਕਲ ਕਰ ਸਕਦੇ ਹਨ ਜਦੋਂ ਦੇਸ਼ ਦੇ ਸੈਨਿਕ ਸਿਫ਼ਰ ਤਾਪਮਾਨ ਵਿਚ ਆਪਣੀ ਡਿਊਟੀ ਕਰ ਰਹੇ ਹੋਣ? ਸੰਵਿਧਾਨਕ ਮਰਿਯਾਦਾ ਦਾ ਵਾਰ-ਵਾਰ ਅਪਮਾਨ ਕਰਨ ਲਈ ਦੇਸ਼ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਭਾਜਪਾ ਆਗੂ ਦੁਸ਼ਯੰਤ ਗੌਤਮ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਸੜਕਾਂ ’ਤੇ ਭਟਕ ਰਹੀ ਹੈ ਅਤੇ ਹੁਣ ਉਨ੍ਹਾਂ ਨੂੰ ਸੰਸਦ ਦਾ ਰਸਤਾ ਨਹੀਂ ਮਿਲਣਾ। ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਇੱਕ ਪਾਸੇ ਵਿਰੋਧੀ ਧਿਰ ਵੱਲੋਂ ਉਪ ਰਾਸ਼ਟਰਪਤੀ ਦਾ ਅਪਮਾਨ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕਾਂਗਰਸ ਸੰਸਦ ’ਤੇ ਹਮਲਾ ਕਰਨ ਵਾਲਿਆਂ ਦਾ ਸਮਰਥਨ ਕਰ ਰਹੀ ਹੈ। ਇਸ ਮੌਕੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਵੀ ਹਾਜ਼ਰ ਸਨ।

