ਕਾਲਕਾ ਤੋਂ ‘ਆਪ’ ਆਗੂ ਚਿੱਤਰਾ ਸਰਵਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪਰਿਵਰਤਨ ਯਾਤਰਾ ਨਰਾਇਣਗੜ੍ਹ ਪੁੱਜੀ, ਜਿਸਦਾ ‘ਆਪ’ ਆਗੂ ਗੁਰਪਾਲ ਸਿੰਘ ਅਕਬਰਪੁਰ ਤੇ ਹੋਰ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਹ ਯਾਤਰਾ ਨਰਾਇਣਗੜ੍ਹ ਦੇ ਹੁੱਡਾ ਸੈਕਟਰ-4 ਸਥਿਤ ‘ਆਪ’ ਦਫ਼ਤਰ ਤੋਂ ਸ਼ੁਰੂ ਹੋ ਕੇ ਹੁਸੈਨੀ ਰੋਡ, ਨੇਤਾਜੀ ਸੁਭਾਸ਼ ਚੌਕ, ਅੰਬੇਡਕਰ ਚੌਕ ਤੇ ਮੇਨ ਬਾਜ਼ਾਰ ਤੋਂ ਹੁੰਦੀ ਹੋਈ ਅੰਬਾਲਾ ਚੌਕ ’ਚ ਸਮਾਪਤ ਹੋਈ। ਪਰਿਵਰਤਨ ਯਾਤਰਾ ਵਿੱਚ ਵੱਡੀ ਗਿਣਤੀ ਵਰਕਰ ਹਾਜ਼ਰ ਸਨ। ਸ੍ਰੀ ਗੁਰਪਾਲ ਸਿੰਘ ਨੇ ਕਿਹਾ ਕਿ ਆਉਣ ਵਾਲਾ ਸਮਾਂ ‘ਆਪ’ ਦਾ ਹੈ ਕਿਉਂਕਿ ਭਾਜਪਾ ਦੇ ਰਾਜ ਵਿੱਚ ਹਰ ਵਰਗ ਦੁਖੀ ਹੋ ਚੁੱਕਾ ਹੈ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਹਰਿਆਣਾ ’ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਚਿਤਰਾ ਸਰਵਰਾ ਨੇ ਕਿਹਾ ਕਿ ‘ਆਪ’ ਵੱਲੋਂ ਪਰਿਵਰਤਨ ਯਾਤਰਾ ਚਾਰ ਦਿਸ਼ਾਵਾਂ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਚਾਰ ਸੀਨੀਅਰ ਆਗੂ ਇਸ ਦੀ ਅਗਵਾਈ ਕਰ ਰਹੇ ਹਨ। ਕਾਲਕਾ ਤੋਂ ਸ਼ੁਰੂ ਹੋ ਕੇ ਨਰਾਇਣਗੜ੍ਹ ਪੁੱਜੀ ਇਸ ਯਾਤਰਾ ਦਾ ਅੱਜ ਦੂਜਾ ਦਿਨ ਹੈ। ਇਸ ਯਾਤਰਾ ਰਾਹੀਂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਅੱਜ ਹਰਿਆਣਾ ਬੇਰੁਜ਼ਗਾਰੀ ’ਚ ਪਹਿਲੇ ਨੰਬਰ ’ਤੇ ਹੈ ਅਤੇ ਅੱਜ ਹਰ ਵਰਗ ਦੁਖੀ ਹੈ। ਇਸ ਸਥਿਤੀ ਨੂੰ ਬਦਲਣ ਲਈ ਇਹ ਪਰਿਵਰਤਨ ਯਾਤਰਾ ਕੱਢੀ ਜਾ ਰਹੀ ਹੈ।

