ਪਟਿਆਲਾ, 24 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਪਿੱਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਕਰਾਫ਼ਟ ਮੇਲੇ ਵਿੱਚ ਲੋਕਾਂ ਵੱਲੋਂ ਖ਼ੂਬ ਖ਼ਰੀਦੋ ਫ਼ਰੋਖ਼ਤ ਕੀਤੀ ਜਾ ਰਹੀ ਹੈ। ਅੱਜ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਤੀਜੇ ਦਿਨ ਮੇਲੇ ਵਿੱਚ ਪਹੁੰਚਕੇ ਖਰੀਦਦਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਮੇਲੇ ਦੀ ਸ਼ੁਰੂਆਤ ਮੌਕੇ ਪਹੁੰਚੇ ਸ੍ਰੀਮਤੀ ਪਰਨੀਤ ਕੌਰ ਨੇ ਕਰਾਫ਼ਟ ਮੇਲੇ ਦੀਆਂ ਸਾਰੀਆਂ ਸਟਾਲਾਂ ‘ਤੇ ਜਾਕੇ ਸ਼ਿਲਪਕਾਰਾਂ ਵੱਲੋਂ ਬਣਾਏ ਸਮਾਨ ਨੂੰ ਦੇਖਿਆ ਸੀ ਅਤੇ ਸਰਾਹਨਾ ਕਰਦਿਆ ਕਿਹਾ ਸੀ ਕਿ ਉਹ ਖੁੱਲੇ ਸਮੇਂ ਵਿਚ ਆਕੇ ਖਰੀਦਦਾਰੀ ਕਰਨਗੇ।
ਅੱਜ ਬਾਅਦ ਦੁਪਿਹਰ ਕਰਾਫ਼ਟ ਮੇਲੇ ਵਿਚ ਪਹੁੰਚੇ ਸ੍ਰੀਮਤੀ ਪਰਨੀਤ ਕੌਰ ਨੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਗਈਆਂ ਅਲੱਗ-ਅਲੱਗ ਰੰਗਾਂ ਦੀਆਂ ਕੰਚ ਦੀਆਂ ਚੂੜੀਆਂ ਖਰੀਦਆਂ ਅਤੇ ਸੂਟ ਖਰੀਦੇ। ਇਸ ਮੌਕੇ ਉਨ੍ਹਾਂ ਸਵੈ ਸਹਾਇਤਾ ਗਰੁੱਪਾਂ ਵੱਲੋਂ ਬਣਾਈਆਂ ਵਸਤੂਆਂ ਦੀ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਤਿਆਰ ਵੱਖ-ਵੱਖ ਤਰ੍ਹਾਂ ਦੇ ਆਚਾਰ ਖਰੀਦੇ।
ਇਸ ਮੌਕੇ ਉਨ੍ਹਾਂ ਕਸ਼ਮੀਰ ਕਾਹਵੇ ਦਾ ਆਨੰਦ ਮਾਣਦਿਆਂ ਕਿਹਾ ਕਿ ਅਜਿਹੇ ਮੇਲੇ ਸ਼ਿਲਪਕਾਰਾਂ ਦੀ ਕਲਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਕਾਫ਼ੀ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ- ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਗੁਪਤਾ ਵੀ ਮੌਜੂਦ ਸਨ।
