ਤਰਨ-ਤਾਰਨ/ਵਲਟੋਹਾ, 06 ਸਤੰਬਰ (ਰਣਬੀਰ ਸਿੰਘ)- ਵਲਟੋਹਾ ਪੁਲਿਸ ਨੇ ਪੱਤਰਕਾਰ ਬਲਜੀਤ ਸਿੰਘ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਚੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏ.ਐਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਪੰਦਰਾਂ ਵੀਹ ਦਿਨ ਪਹਿਲਾਂ ਪੱਤਰਕਾਰ ਬਲਜੀਤ ਸਿੰਘ ਦੇ ਪਰਿਵਾਰ ਤੇ ਕਸਬਾ ਅਲਗੋਂ ਕੋਠੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ ਸੋਨੂੰ ਜੋ ਆਪਣੇ ਆਪ ਨੂੰ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਦੀ ਸੱਜੀ ਬਾਂਹ ਦੱਸਦਾ ਹੈ ਨੇ ਹਮਲਾ ਕਰ ਦਿੱਤਾ ਸੀ।ਸੁਖਵਿੰਦਰ ਸਿੰਘ ਉਰਫ ਸੋਨੂੰ ਨੇ ਆਪਣੇ ਪੁੱਤਰ, ਭਤੀਜੇ ਅਤੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪੱਤਰਕਾਰ ਬਲਜੀਤ ਸਿੰਘ ਦੀ ਕਾਰ ਪਿੱਛੇ ਕਾਰ ਅਤੇ ਮੋਟਰਸਾਈਕਲ ਲਗਾ ਕੇ ਉਸਦੀ ਕਾਰ ਰੋਕ ਲਈ ਸੀ।ਇਸ ਤੋਂ ਬਾਅਦ ਉਪਰੋਕਤ ਵਿਅਕਤੀਆਂ ਨੇ ਪੱਤਰਕਾਰ ਬਲਜੀਤ ਸਿੰਘ ਦੀ ਮਾਤਾ,ਭਰਾ, ਭਤੀਜਾ ਅਤੇ ਭਤੀਜੀ ਨੂੰ ਬੇਸਬਾਲ ਨਾਲ ਹਮਲਾ ਕਰਕੇ ਸੱਟਾਂ ਲਾ ਦਿੱਤੀਆਂ ਸਨ।ਉਪਰੋਕਤ ਦੋਸ਼ੀਆਂ ਨੇ ਹਮਲੇ ਦੌਰਾਨ ਪੱਤਰਕਾਰ ਦੇ ਪਰਿਵਾਰ ਦੇ ਕੱਪੜੇ ਪਾੜ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਸੀ।ਇਸ ਘਟਨਾ ਤੋਂ ਪੰਦਰਾਂ ਵੀਹ ਦਿਨ ਬਾਅਦ ਪੁਲਿਸ ਨੇ ਦੋਸ਼ੀਆਂ ਖਿਲਾਫ ਪਰਚਾ ਦਰਜ਼ ਕੀਤਾ ਸੀ।ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਹਨਾਂ ਦੋਸ਼ੀਆਂ ਵਿਚੋਂ ਇਕ ਦੋਸ਼ੀ ਜਿਸ ਦਾ ਨਾਮ ਕੈਪਟਨ ਪੁੱਤਰ ਸੁਰਜੀਤ ਸਿੰਘ ਹੈ ਨੂੰ ਪਿੰਡ ਚੀਚੇ ਤੋਂ ਗ੍ਰਿਫ਼ਤਾਰ ਕਰ ਲਿਆ।ਗ੍ਰਿਫ਼ਤਾਰੀ ਮਗਰੋਂ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਏ.ਐਸ.ਆਈ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਬਾਕੀ ਭਗੋੜੇ ਦੋਸ਼ੀਆ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਸਲਾਖਾਂ ਪਿੱਛੇ ਡੱਕੇਗੀ।ਇਸ ਮੌਕੇ ਪੱਤਰਕਾਰ ਯੂਨੀਅਨ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵਲੋਂ ਐਸ.ਐਸ.ਪੀ ਸਾਹਿਬ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਸਾਰੇ ਦੋਸ਼ੀ ਜਲਦ ਤੋਂ ਜਲਦ ਫੜੇ ਜਾਣ ਤੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਪ੍ਰਧਾਨ ਰਾਣਾ ਬੁੱਘ,ਗੁਰਮੀਤ ਵਲਟੋਹਾ, ਹਰਬੰਸ ਸਿੰਘ,ਪਲਵਿੰਦਰ ਕੰਡਾ,ਰਿੰਪਲ ਗੋਲਣ,ਹਰਮਨ ਵਾਂ,ਗੁਰਚਰਨ ਭੱਟੀ, ਹਰਦਿਆਲ ਸਿੰਘ ਭੈਣੀ,ਰਾਜੂ ਘਰਿਆਲੀ, ਦਰਸ਼ਨ ਸਿੰਘ,ਰਛਪਾਲ ਸਿੰਘ ਪੰਨੂ, ਬਲਵੀਰ ਸਿੰਘ,ਮਨੀ ਭਿੱਖੀਵਿੰਡ, ਦਲਬੀਰ ਉੱਦੋਕੇ, ਮਨਜਿੰਦਰ ਸਿੰਘ ਆਦਿ ਪੱਤਰਕਾਰ ਹਾਜ਼ਰ ਸਨ।