ਪਟਿਆਲਾ, ਪ੍ਰੈਸ ਕੀ ਤਾਕਤ ਬਿਊਰੋ- 25 ਨਵੰਬਰ 2021
ਪਟਿਆਲਾ ਦੇ ਮੇਅਰ ਦੇ ਅਹੁਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਹਮ ਮਹਿੰਦਰਾ ਧੜੇ ਵਿਚਾਲੇ ਤਿੱਖੀ ਤਕਰਾਰ ਚੱਲ ਰਹੀ ਹੈ। ਇਸ ਨੂੰ ਲੈ ਕੇ ਉਨ੍ਹਾਂ ਦੇ ਕੌਂਸਲਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਜੰਮ ਕੇ ਭੜਾਸ ਕੱਢੀ ਜਾ ਰਹੀ ਹੈ ਅਤੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ 22 ਕੌਂਸਲਰਾਂ ਨੂੰ ਬੱਸ ਵਿੱਚ ਲੈ ਕੇ ਆਏ ਸਨ, ਪਹਿਲਾਂ ਉਨ੍ਹਾਂ ਨੂੰ ਬਾਹਰ ਰੋਕਿਆ ਗਿਆ। ਜਦੋਂ ਕੌਂਸਲਰ ਨਗਰ ਨਿਗਮ ਵਿੱਚ ਪੁੱਜੇ ਤਾਂ ਕੈਪਟਨ ਸੰਜੀਵ ਸ਼ਰਮਾ ਬਿੱਟੂ ਧੜੇ ਦੇ ਦੋ ਕੌਂਸਲਰਾਂ ਨੂੰ ਖੋਹ ਕੇ ਦੂਜੇ ਕਮਰੇ ਵਿੱਚ ਲੈ ਗਏ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਕਰਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਅਹੁਦਾ ਖੁਸ ਸਕਦਾ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਕੈਪਟਨ ਦੀਆਂ ਰਿਹਾਇਸ਼ਾਂ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬ੍ਰਹਮ ਮਹਿੰਦਰਾ ਦੇ ਘਰ ਅੱਜ 42 ਕੌਂਸਲਰਾਂ ਮੀਟਿੰਗ ਹੋਣ ਜਾ ਰਹੀ ਹੈ। ਕੈਪਟਨ ਦੀ ਰਿਹਾਇਸ਼ ‘ਤੇ ਬਿੱਟੂ ਧੜੇ ਦੇ ਕੌਂਸਲਰ ਪਹੁੰਚ ਰਹੇ ਹਨ।
ਇਸ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕੌਂਸਲਰਾਂ ਨੂੰ ਉਨ੍ਹਾਂ ਤੋਂ ਵੱਖ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੀ ਮੀਟਿੰਗ ਸ਼ੁਰੂ ਹੋ ਗਈ ਹੈ ਪਰ ਦੋਵੇਂ ਧੜੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
ਅੱਜ ਪਟਿਆਲਾ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੋਈ ਹੈ। ਅੱਜ ਨਗਰ ਨਿਗਮ ਦੇ ਮੇਅਰ ਰਾਹੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਹਮ ਮਹਿੰਦਰਾ ਦੀ ਤਾਕਤ ਦਾ ਇਮਤਿਹਾਨ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ, ਜਿਸ ਲਈ ਸਦਨ ਦੀ ਮੀਟਿੰਗ ਬੁਲਾਈ ਗਈ ਹੈ। ਹੁਣ ਸੰਜੀਵ ਸ਼ਰਮਾ ਬਿੱਟੂ ਨੂੰ ਸਦਨ ਵਿੱਚ ਬਹੁਮਤ ਸਾਬਤ ਕਰਨਾ ਪਵੇਗਾ। ਜਿਸ ਲਈ ਕੈਬਨਿਟ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ।