ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਵਲੋਂ ਗੁਰਮਤਿ ਸੰਗੀਤ ਅਤੇ ਗੁਰਮਤਿ ਸਟੱਡੀਜ਼ ਵਿਸ਼ੇ ਦੇ ਪ੍ਰਚਾਰ ਪ੍ਰਸਾਰ ਲਈ “ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ” ਅਧੀਨ ਗਿਆਰ੍ਹਵਾਂ ਵਿਖਿਆਨ ਕਰਵਾਇਆ ਗਿਆ। ਇਹ ਵਿਖਿਆਨ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਜੀਵਨ ਅਤੇ ਫ਼ਲਸਫ਼ਾ’ ਵਿਸ਼ੇ ਨਾਲ ਸੰਬੰਧਤ ਸੀ ਜੋ ਕਿ ਆਨਲਾਈਨ ਰੂਪ ਵਿੱਚ ਕਰਵਾਇਆ ਗਿਆ। ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਗਾਇਨ ਨਾਲ ਇਸ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ ਅਤੇ ਇਸ ਉਪਰੰਤ ਪ੍ਰੋਗਰਾਮ ਵਿਚ ਸ਼ਾਮਿਲ ਸਮੂਹ ਮਹਿਮਾਨਾਂ, ਵਿਦਵਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਗੁਰਮਤਿ ਸੰਗੀਤ ਚੇਅਰ ਵਲੋਂ ਰਸਮੀ ਰੂਪ ਵਿਚ ਸਵਾਗਤ ਕੀਤਾ ਗਿਆ। ਆਲ ਇੰਡੀਆ ਰੇਡੀਓ, ਜਲੰਧਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਸਾਬਕਾ ਪੇਸ਼ਕਾਰ ਸ੍ਰ. ਮਨਜੀਤ ਸਿੰਘ ਵੱਲੋਂ ਮੁੱਖ ਵਕਤਾ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਫ਼ਲਸਫ਼ੇ ਸਬੰਧੀ ਵਡਮੁੱਲੇ ਵਿਚਾਰ ਆਪਣੇ ਵਿਲੱਖਣ ਸੁਹਜਮਈ ਅੰਦਾਜ਼ ਵਿੱਚ ਪ੍ਰਗਟ ਕੀਤੇ ਗਏ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਸਿੱਖ ਵਿਦਵਾਨ, ਡਾ. ਰੂਪ ਸਿੰਘ ਵੱਲੋਂ ਆਪਣੇ ਭਾਸ਼ਣ ਦੌਰਾਨ ਦਸਮ ਪਿਤਾ ਦੇ ਸਮੁੱਚੇ ਜੀਵਨ ਨੂੰ ਸਮੂਹ ਮਾਨਵਤਾ ਲਈ ਇੱਕ ਵਡਮੁੱਲੀ ਮਿਸਾਲ ਦੱਸਿਆ। ਉਨ੍ਹਾਂ ਵੱਲੋਂ ਗੁਰਮਤਿ ਸੰਗੀਤ ਚੇਅਰ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਗਈ ਅਤੇ ਸ੍ਰ. ਮਨਜੀਤ ਸਿੰਘ ਦੇ ਵਿਚਾਰਾਂ ਨੂੰ ਇਸ ਵੈਬੀਨਾਰ ਦੀ ਮੁੱਖ ਉਪਲੱਬਧੀ ਦਸਦਿਆਂ ਭਵਿੱਖ ਵਿਚ ਵੀ ਅਜਿਹੇ ਵਿਸ਼ਿਆਂ ’ਤੇ ਹੋਰ ਵੈਬੀਨਾਰ ਕਰਵਾਏ ਜਾਣ ਲਈ ਉਤਸਾਹਿਤ ਕੀਤਾ ਗਿਆ। ਅੰਤ ਵਿੱਚ ਸੰਗੀਤ ਵਿਭਾਗ ਤੋਂ ਪ੍ਰੋ. ਨਿਵੇਦਿਤਾ ਸਿੰਘ, ਵੱਲੋਂ ਸਮੂਹ ਮਹਿਮਾਨਾਂ, ਵਿਦਵਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋ ਇਲਾਵਾ ਸ੍ਰ. ਸੁਖ ਮੋਹਿੰਦਰ ਸਿੰਘ, ਡਾ. ਜਗਜੀਤ ਸਿੰਘ, ਡਾ. ਅੰਬੁਜ ਮਾਲਾ, ਡਾ. ਸ਼ਰਮਿੰਦਰ ਕੌਰ, ਪਰਵਿੰਦਰ ਕੌਰ, ਡਾ. ਹਰਮਿੰਦਰ ਕੌਰ, ਸ੍ਰ. ਜਸਬੀਰ ਸਿੰਘ ਜਵੱਦੀ ਅਤੇ ਵੱਡੀ ਗਿਣਤੀ ਵਿਚ ਫ਼ੈਕਲਟੀ ਅਤੇ ਖੋਜਾਰਥੀ ਸ਼ਾਮਲ ਹੋਏ।