
ਪੂਰਾ ਭਾਰਤ ਇੱਕ ਪਾਸੇ ਜਿੱਥੇ ਵਿਸ਼ਵ ਪੱਧਰ `ਤੇ ਪੈਦਾ ਹੋਈ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਲੜ ਰਿਹਾ ਹੈ, ਉਥੇ ਪੰਜਾਬ ਅਤੇ ਹਰਿਆਣਾ ਦੇ 5 ਜ਼ਿਲ੍ਹਿਆਂ ਦੇ ਰੈੱਡ ਜ਼ੋਨ ਵਿਚ ਆ ਜਾਣ ਨਾਲ ਇਨ੍ਹਾਂ ਰਾਜਾਂ ਵਿਚ ਚਿੰਤਾ ਦਾ ਪੈਦਾ ਹੋਣਾ ਸੁਭਾਵਿਕ ਹੈ। ਇਨ੍ਹਾਂ 5 ਜ਼ਿਲ੍ਹਿਆਂ ਵਿਚ 3 ਪੰਜਾਬ ਦੇ ਜ਼ਿਲ੍ਹੇ ਹਨ ਅਤੇ 2 ਜ਼ਿਲ੍ਹੇ ਹਰਿਆਣਾ ਦੇ ਹਨ। ਪੰਜਾਬ ਵਿਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਵਿਚ ਇਕੋਦਮ ਤੇਜ਼ੀ ਆਉਣ ਨਾਲ ਵੀ ਸੂਬੇ ਵਿਚ ਚਿੰਤਾ ਪੈਦਾ ਹੋਈ ਹੈ। ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕਾਫ਼ੀ ਨਾਜ਼ੁਕ ਅਤੇ ਲਾਲ ਰੇਖਾ ਦੇ ਅੰਦਰ ਮੰਨੇ ਗਏ ਹਨ। ਪਹਿਲਾਂ ਪੰਜਾਬ ਦਾ ਜ਼ਿਲ੍ਹਾ ਨਵਾਂਸ਼ਹਿਰ ਵੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ਲੈ ਕੇ ਮੋਹਰੀ ਕਤਾਰ ਵਿਚ ਆ ਗਿਆ ਸੀ। ਇਸੇ ਤਰ੍ਹਾਂ ਮੁਹਾਲੀ ਪ੍ਰਸ਼ਾਸਨ `ਤੇ ਵੀ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਉਂਗਲੀਆਂ ਉੱਠੀਆਂ ਸਨ। ਗੁਰਦਾਸਪੁਰ ਨੇ ਵੀ ਸਿਹਤ ਸਹੂਲਤਾਂ ਅਤੇ ਸਫ਼ਾਈ ਦੀ ਢਾਲ ਨਾਲ ਕੋਰੋਨਾ ਵਿਰੁੱਧ ਲੜਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ 3 ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਨੇ ਆਪਣੀ ਦਸ਼ਾ ਸੁਧਾਰੀ ਅਤੇ ਕੋਰੋਨਾ ਵਿਰੁੱਧ ਆਪਣੇ ਯਤਨਾਂ ਨੂੰ ਨਵੀਂ ਦਿਸ਼ਾ ਦਿੱਤੀ। ਗੁਰਦਾਸਪੁਰ ਅਤੇ ਨਵਾਂਸ਼ਹਿਰ ਦੇ ਪ੍ਰਸ਼ਾਸਨ ਨੇ ਚੰਗੇ ਪ੍ਰਬੰਧਾਂ ਨਾਲ ਨਾ ਸਿਰਫ਼ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕ ਲਿਆ ਸਗੋਂ ਸਾਫ਼-ਸਫ਼ਾਈ ਅਤੇ ਸਿਹਤ ਪੱਧਰ `ਤੇ ਅਜਿਹਾ ਪ੍ਰਬੰਧ ਕੀਤਾ ਕਿ ਇਹ ਜ਼ਿਲ੍ਹੇ ਸੂਬੇ ਦੇ ਹੋਰ ਜ਼ਿਲ੍ਹਿਆਂ ਲਈ ਮਿਸਾਲ ਬਣ ਗਏ ਪਰ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿਚ ਸਿਹਤ ਸਹੂਲਤਾਂ ਦੇ ਖੇਤਰ `ਤੇ ਅਜਿਹੀ ਵਿਵਸਥਾ ਨਹੀਂ ਕੀਤੀ ਜਾ ਸਕੀ ਜਿਹੋ ਜਿਹੀ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ `ਤੇ ਕਾਬੂ ਪਾਉਣ ਲਈ ਕੀਤੀ ਜਾਣੀ ਚਾਹੀਦੀ ਸੀ। ਸ਼ਾਇਦ ਇਸੇ ਦਾ ਹੀ ਇਹ ਨਤੀਜਾ ਹੈ ਕਿ ਸੂਬੇ ਦੇ 3 ਵੱਡੇ ਜ਼ਿਲ੍ਹੇ ਕੋਰੋਨਾ ਦੇ ਸੰਦਰਭ ਵਿਚ ਰੈੱਡ ਜ਼ੋਨ ਵਿਚ ਸ਼ਾਮਿਲ ਹੋ ਗਏ ਹਨ।
ਕੋਰੋਨਾ ਵਾਇਰਸ ਮਹਾਂਮਾਰੀ ਲਾਗ ਦਾ ਰੋਗ ਹੈ ਅਤੇ ਅਜਿਹਾ ਰੋਗ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਫ਼ੈਲਦਾ ਹੈ। ਅਜਿਹੇ ਰੋਗ ਦੇ ਜੀਵਾਣੂ ਉਥੇ ਜ਼ਿਆਦਾ ਫ਼ੈਲਦੇ ਹਨ, ਜਿਥੇ ਸਾਫ਼-ਸਫ਼ਾਈ ਦੀ ਘਾਟ ਹੋਵੇ। ਇਸੇ ਕਾਰਨ ਅਕਸਰ ਇਹ ਖ਼ਦਸ਼ਾ ਪ੍ਰਗਟ ਕੀਤਾ ਜਾਂਦਾ ਹੈ ਕਿ ਜੇਕਰ ਕੋਰੋਨਾ ਵਾਇਰਸ ਝੁੱਗੀਆਂ ਝੌਂਪੜੀਆਂ ਦੇ ਖੇਤਰ ਵਿਚ ਦਾਖ਼ਲ ਹੁੰਦਾ ਹੈ ਤਾਂ ਇਸ ਨਾਲ ਨੁਕਸਾਨ ਦੀ ਸੰਭਾਵਨਾ ਵਧੇਗੀ। ਮਹਾਰਾਸ਼ਟਰ ਵਿਚ ਕੋਰੋਨਾ ਦੇ ਤੇਜ਼ੀ ਨਾਲ ਵਧਣ ਦੇ ਪਿੱਛੇ ਅਜਿਹੇ ਸਥਾਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਥੇ ਸਿਹਤ ਸਬੰਧੀ ਸਹੂਲਤਾਂ ਅਤੇ ਚੰਗਾ ਮਾਹੌਲ ਉਪਲੱਬਧ ਨਹੀਂ ਸੀ। ਇਸ ਮਾਮਲੇ ਵਿਚ ਪੰਜਾਬ ਦੇ ਸਿਵਲ ਹਸਪਤਾਲ ਵੀ ਚੰਗੀ ਸ਼੍ਰੇਣੀ ਵਿਚ ਨਹੀਂ ਆਉਂਦੇ ਹਨ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਦਸ਼ਾ ਪਹਿਲਾਂ ਵੀ ਬਹੁਤੀ ਵਧੀਆ ਨਹੀਂ ਰਹੀ ਪਰ ਹੁਣ ਜਦੋਂ ਕੋਰੋਨਾ ਨਾਲ ਪੀੜਤ ਲੋਕਾਂ ਦੇ ਇਲਾਜ ਲਈ ਜ਼ਿਆਦਾ ਸਫ਼ਾਈ ਦੀ ਲੋੜ ਸੀ, ਤਾਂ ਸੂਬੇ ਦੇ ਕਈ ਸ਼ਹਿਰਾਂ ਦੇ ਸਿਵਲ ਹਸਪਤਾਲ ਇਸ ਕਸੌਟੀ `ਤੇ ਖ਼ਰੇ ਨਹੀਂ ਉਤਰ ਰਹੇ। ਸਿਵਲ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਅਤੇ ਸਿਹਤਮੰਦ ਹੋ ਕੇ ਬਾਹਰ ਨਿਕਲੇ ਮਰੀਜ਼ਾਂ ਨੇ ਵੀ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਕਿ ਹਸਪਤਾਲਾਂ ਵਿਚ ਉਨ੍ਹਾਂ ਦੇ ਆਲੇ-ਦੁਆਲੇ ਦਾ ਵਾਤਾਵਰਨ ਕਾਫ਼ੀ ਦੂਸ਼ਿਤ ਹੁੰਦਾ ਸੀ। ਪੰਜਾਬ ਪਿਛਲੇ 40 ਦਿਨਾਂ ਤੋਂ ਦੇਸ਼ ਭਰ ਵਿਚ ਐਲਾਨੀ ਤਾਲਾਬੰਦੀ ਅਤੇ ਕਰਫ਼ਿਊ ਦੇ ਦੌਰ ਵਿਚੋਂ ਲੰਘ ਰਿਹਾ ਹੈ। ਮਈ ਮਹੀਨੇ ਦੀ ਪਹਿਲੀ ਤਰੀਕ ਤੋਂ ਦੇਸ਼ ਦੇ ਕੁਝ ਰਾਜਾਂ ਦੇ ਨਾਲ ਪੰਜਾਬ ਵਿਚ ਵੀ ਕਰਫ਼ਿਊ ਅਤੇ ਤਾਲਾਬੰਦੀ ਤੋਂ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਰੈੱਡ ਜ਼ੋਨ ਵਾਲੇ ਜਲੰਧਰ, ਪਟਿਆਲਾ ਅਤੇ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਲੰਧਰ ਵਿਚ ਸਥਿਤੀ ਦਾ ਜਾਇਜ਼ਾ ਲੈਣ ਆਏ ਇਕ ਉੱਚ ਸਿਹਤ ਅਧਿਕਾਰੀ ਨੇ ਵੀ ਸਰਕਾਰੀ ਸਿਹਤ ਕੇਂਦਰਾਂ ਦੀਆਂ ਤਿਆਰੀਆਂ ਅਤੇ ਸਾਫ਼-ਸਫ਼ਾਈ ਨੂੰ ਅਧੂਰਾ ਕਰਾਰ ਦਿੱਤਾ ਹੈ। ਕਈ ਸਿਹਤ ਕੇਂਦਰਾਂ ਵਿਚ ਜਿਥੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਗਿਆ ਹੈ, ਉਥੇ ਨੇੜੇ ਹੀ ਕੋਰੋਨਾ ਦੇ ਪੁਸ਼ਟ ਮਰੀਜ਼ਾਂ ਦੇ ਬਿਸਤਰੇ ਵੀ ਹਨ। ਦੋਵਾਂ ਦੇ ਵਰਤੋਂ ਵਾਲੇ ਪਖਾਨੇ ਵੀ ਇਕ ਹੀ ਹਨ ਅਤੇ ਆਲੇ-ਦੁਆਲੇ ਦਾ ਮਾਹੌਲ ਵੀ ਸਾਫ਼-ਸੁਥਰਾ ਨਹੀਂ ਹੈ। ਅਜਿਹੇ ਵਿਚ ਕੋਰੋਨਾ ਵਾਇਰਸ ਨਾਲੋਂ ਕਿਤੇ ਜ਼ਿਆਦਾ ਉਸ ਦਾ ਡਰ ਅਸਰ ਕਰਦਾ ਹੈ। ਜਿਨ੍ਹਾਂ ਥਾਵਾਂ `ਤੇ ਅਸਥਾਈ ਕੋਰੋਨਾ ਇਲਾਜ ਕੇਂਦਰ ਬਣਾਏ ਗਏ ਹਨ, ਉਥੇ ਵੀ ਸਾਫ਼-ਸਫ਼ਾਈ ਦੀ ਦੁਰਵਿਵਸਥਾ ਅਤੇ ਖ਼ਾਸ ਤੌਰ `ਤੇ ਪਖਾਨਿਆਂ ਦੀ ਸਫ਼ਾਈ ਨਾ ਹੋਣ ਦੇ ਚਰਚੇ ਹਨ। ਅਜਿਹੇ ਵਿਚ ਕੋਰੋਨਾ ਦੇ ਖ਼ਾਤਮੇ ਦੀਆਂ ਕੋਸ਼ਿਸ਼ਾਂ ਵਿਚ ਸਫ਼ਲਤਾ ਮਿਲਣ ਦੀਆਂ ਸੰਭਾਵਨਾਵਾਂ ਦੀ ਆਸ ਦੇ ਧੁੰਦਲੇ ਹੋ ਜਾਣਾ ਸੁਭਾਵਿਕ ਹੀ ਹੈ।
ਅਸੀਂ ਸਮਝਦੇ ਹਾਂ ਕਿ ਇਹ ਸਥਿਤੀ ਸੂਬੇ ਦੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਦਾ ਧਿਆਨ ਖਿੱਚਣ ਵਾਲੀ ਹੈ। ਕੋਰੋਨਾ ਵਾਇਰਸ ਦਾ ਜਦੋਂ ਤਕ ਕੋਈ ਇਲਾਜ ਨਹੀਂ ਲੱਭਦਾ, ਉਦੋਂ ਤਕ ਸਰੀਰਕ ਦੂਰੀ ਅਤੇ ਸਾਫ਼-ਸਫ਼ਾਈ ਹੀ ਇਸ ਦਾ ਹੱਲ ਹੈ। ਇਸ ਲਈ ਜ਼ਰੂਰੀ ਹੈ ਕਿ ਜਿਥੇ-ਜਿਥੇ ਕੋਰੋਨਾ ਇਲਾਜ ਕੇਂਦਰ ਅਤੇ ਇਕਾਂਤਵਾਸ ਕੇਂਦਰ ਬਣਾਏ ਗਏ ਹਨ, ਉਥੇ ਸਾਫ਼-ਸਫ਼ਾਈ ਅਤੇ ਚੰਗਾ ਮਾਹੌਲ ਜ਼ਰੂਰ ਬਣਾ ਕੇ ਰੱਖਿਆ ਜਾਵੇ ਤਾਂ ਕਿ ਮਰੀਜ਼ਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਨੂੰ ਲਾਵਾਰਿਸ ਛੱਡ ਦਿੱਤਾ ਗਿਆ ਹੈ। ਸਿਵਲ ਹਸਪਤਾਲਾਂ ਦੇ ਕਮਰਿਆਂ ਅਤੇ ਨਿੱਜੀ ਹਸਪਤਾਲਾਂ ਦੇ ਵਾਤਾਵਰਨ ਵਿਚ ਇਹੀ ਫ਼ਰਕ ਹੁੰਦਾ ਹੈ। ਇਸ ਦੇ ਨਾਲ ਹੀ ਸੂਬੇ ਵਿਚ ਸਾਰੀਆਂ ਥਾਵਾਂ `ਤੇ ਸਿਹਤ ਖੇਤਰ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ। ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਨਾਲ ਮੁਕਤੀ ਦੀ ਸੰਭਾਵਨਾ ਹਾਲੇ ਦੂਰ-ਦੂਰ ਤੱਕ ਨਹੀਂ ਦਿਸਦੀ। ਅਜਿਹੇ ਵਿਚ ਜੇਕਰ ਅਸੀਂ ਇਸ ਦੇ ਨਾਲ ਜੀਣਾ ਹੈ ਤਾਂ ਸਾਫ਼-ਸਫ਼ਾਈ ਦੀਆਂ ਸਹੂਲਤਾਂ ਹਾਸਲ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਹ ਸਹੂਲਤਾਂ ਜਿੰਨੀ ਜਲਦੀ ਹਾਸਲ ਕਰ ਲਈਆਂ ਜਾਣਗੀਆਂ ਓਨਾ ਹੀ ਲੋਕਾਂ ਤੇ ਸੂਬੇ ਦੇ ਹਿੱਤ ਵਿਚ ਹੋਵੇਗਾ।
ਨੋਟ:- ਦੋ ਅਕਤੂਬਰ 2019 ਨੂੰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਸਦਕਾ ਸਿੰਗਲ ਟਾਈਮ ਯੂਜ਼ ਪਲਾਸਟਿਕ ਨੂੰ ਬਿਲਕੁਲ ਹੀ ਪੂਰੇ ਦੇਸ਼ ਵਿੱਚ ਬੈਨ ਕਰ ਦਿੱਤਾ ਗਿਆ ਸੀ ਪਰ ਸਾਡੇ ਦੇਸ਼ ਦੇ ਸਰਕਾਰੀ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਕਾਰਨ ਅੱਜ ਵੀ ਦੇਸ਼ ਦੇ ਹਰ ਸ਼ਹਿਰ ਅਤੇ ਕਸਬੇ ਵਿੱਚ ਖੁੱਲ੍ਹੇਆਮ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ। ਸਿੰਗਲ ਯੂੂਜ ਪਲਾਸਟਿਕ ਦੀ ਹੋ ਰਹੀ ਵਰਤੋਂ ਕਾਰਨ ਹੀ ਦੇਸ਼ ਵਿੱਚ ਗੰਦਗੀ ਦਿਨੋ-ਦਿਨ ਘਟਣ ਦੀ ਥਾਂ ਵਧ ਰਹੀ ਹੈ। ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਨੂੰ ਯੂਜ ਕਰਨ ਤੋਂ ਰੋਕਣ ਲਈ ਨਿਯੁਕਤ ਕੀਤੇ ਸਰਕਾਰੀ ਅਧਿਕਾਰੀ ਨਾਕਾਮ ਸਾਬਤ ਹੋ ਰਹੇ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਜੋ ਅਧਿਕਾਰੀ ਇਸਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ ਉਹਨਾਂ ਨੂੰ ਟਰਮੀਨੇਟ ਕਰਕੇ ਉਹਨਾਂ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਣ ਅਤੇ ਉਹਨਾਂ ਦੀ ਥਾਂ ਤੇ ਇਮਾਨਦਾਰ ਅਧਿਕਾਰੀਆਂ ਦੀ ਨਿਯੁਕਤੀ ਕਰਕੇ ਦੇਸ਼ ਵਿੱਚ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਪਹਿਲ ਕੀਤੀ ਜਾਵੇ।
– ਸੁਭਾਸ਼ ਭਾਰਤੀ