ਲੁਧਿਆਣਾ,19ਅਗਸਤ (ਪ੍ਰੈਸ ਕੀ ਤਾਕਤ ਬਿਊਰੋ) :ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਨੂੰ ਰੱਖਦੇ ਹੋਏ ਸਕੂਲਾਂ ਦੇ ਨਾਲ-ਨਾਲ ਜਿਮ, ਮਾਲ, ਰੈਸਟੋਰੈਂਟਾਂ ਦੇ ਮੁਲਾਜ਼ਮਾਂ, ਬਾਹਰੋਂ ਆਉਣ-ਜਾਣ ਵਾਲੇ ਯਾਤਰੀਆਂ, ਸਰਕਾਰੀ ਮੁਲਾਜ਼ਮਾਂ, ਡੀ-ਐਡੀਕਸ਼ਨ ਕੇਂਦਰਾਂ, ਪਬਲਿਕ ਟ੍ਰਾਂਸਪੋਰਟ ਸਟਾਫ ਦੀ ਵੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹਾਲ ਦੀ ਘੜੀ ਵਿਚ ਮੁੱਖ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਬੈਠਕ ਵਿਚ ਉਕਤ ਫੈਸਲੇ ਲਏ ਗਏ ਹਨ, ਜਿਸ ਨੂੰ ਹੁਣ ਸਿਹਤ ਡਾਇਰੈਕਟੋਰੇਟ ਵੱਲੋਂ ਸਾਰੇ ਜ਼ਿਲ੍ਹਿਆਂ ’ਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਹਸਪਤਾਲਾਂ ਦੀ ਓ. ਪੀ. ਡੀ., ਆਈ. ਪੀ. ਡੀ. ਉਦਯੋਗਾਂ ਤੇ ਲੇਬਰ ਕਾਲੋਨੀਆਂ ਮੈਰਿਜ ਪੈਲੇਸ ਦੇ ਸਟਾਫ ਦੀ ਵੀ ਨਿਯਮਤ ਜਾਂਚ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਂਚ ਤੋਂ ਇਲਾਵਾ ਵੈਕਸੀਨੇਸ਼ਨ ਲਗਵਾਉਣ ’ਤੇ ਵੀ ਜ਼ੋਰ ਦੇਣ ਲਈ ਕਿਹਾ ਹੈ ਤਾਂ ਕਿ ਵੱਧ ਤੋਂ ਵੱਧ ਟੀਕਾਕਰਨ ਕੀਤਾ ਜਾ ਸਕੇ। ਮਾਹਿਰਾਂ ਮੁਤਾਬਕ ਬੱਚਿਆਂ ਦੇ ਮਾਪਿਆਂ ਨੂੰ ਵੀ ਟੀਕਾਕਰਨ ’ਚ ਵਿਸ਼ੇਸ਼ ਪਹਿਲ ਦਿੱਤੀ ਜਾਵੇ ਕਿਉਂਕਿ ਜੇਕਰ ਸੰਭਾਵਿਤ ਤੀਜੀ ਲਹਿਰ ਆਉਂਦੀ ਹੈ ਤਾਂ ਆਈ. ਸੀ. ਯੂ. ਵਿਚ ਬੱਚਿਆਂ ਦੇ ਨਾਲ ਮਾਪਿਆਂ ਨੂੰ ਵੀ ਰਹਿਣਾ ਪਵੇਗਾ। ਅਜਿਹੇ ਵਿਚ ਉਨ੍ਹਾਂ ਦਾ ਟੀਕਾਕਰਨ ਲਾਜ਼ਮੀ ਹੈ।