ਤਰਨ-ਤਾਰਨ/ਭਿੱਖੀਵਿੰਡ 24 ਅਗਸਤ (ਰਣਬੀਰ ਸਿੰਘ) ਬੀਤੇ ਦਿਨੀਂ ਨਕੋਦਰ ਡੇਰੇ ਮੁਰਾਦ ਸ਼ਾਹ ਦੇ ਦਰਬਾਰ ਤੇ ਇਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਵੱਲੋਂ ਚਿਲਮਾਂ ਤੇ ਸਿਗਰਟਾਂ ਪੀਣ ਵਾਲੇ ਲਾਡੀ ਸ਼ਾਹ ਨੂੰ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਦੱਸਣਾ ਬੇਹੱਦ ਦੁਖਦਾਈ ਤੇ ਘਿਨੋਣੀ ਹਰਕਤ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਉਦੋਕੇ ਅਤੇ ਰਮਨੀਕ ਸਿੰਘ ਭਗਵਾਨਪੁਰਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਨਸ਼ੇੜੀ ਬੰਦੇ ਨੂੰ ਜਿਸ ਨੇ ਕਦੇ ਚਿਲਮਾਂ ਤੇ ਸਿਗਰਟਾਂ ਮੂੰਹ ਵਿੱਚੋਂ ਕੱਢੀਆਂ ਹੀ ਨਾ ਹੋਣ ਉਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਦੱਸਣਾ ਗੁਰਦਾਸ ਮਾਨ ਦੀ ਬੁੱਧੀ ਭ੍ਰਿਸ਼ਟ ਹੋਣ ਦੀ ਨਿਸ਼ਾਨੀ ਹੈ। ਸਤਿਕਾਰ ਕਮੇਟੀ ਦੇ ਸਿੰਘਾਂ ਨੇ ਚਿਤਾਵਨੀ ਦਿੱਤੀ ਕਿ ਗੁਰਦਾਸ ਮਾਨ ਤੇ ਪਰਚਾ ਦਰਜ ਕਰ ਕੇ ਇਸ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ ਤਾਂ ਜੋ ਕੋਈ ਇਹੋ ਜਿਹਾ ਹੋਰ ਗੰਦਾ ਅਨਸਰ ਅੱਗੇ ਤੋਂ ਸਿੱਖ ਗੁਰੂਆਂ ਬਾਰੇ ਮਾੜੀ ਸ਼ਬਦਾਵਲੀ ਨਾ ਵਰਤੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਸਨ । ਜਦੋਂ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਸੀ। ਦਰਅਸਲ ਉਹਨਾਂ ਨੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੀ ਹਮਾਇਤ ਕੀਤੀ ਸੀ। ਇੱਕ ਰੇਡੀਓ ਹੋਸਟ ਨਾਲ ਗੱਲਬਾਤ ਦੌਰਾਨ ਜਦੋਂ ਗੁਰਦਾਸ ਮਾਨ ਨੂੰ ਹਿੰਦੀ ਬੋਲਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ: “ਇਹ ਹੰਗਾਮਾ ਵੱਟਸਐਪ ਅਤੇ ਸੋਸ਼ਲ ਮੀਡੀਆ‘ ’ਤੇ ਵਿਹਲੇ ਲੋਕਾਂ ਦੁਆਰਾ ਬਣਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਸੀ ਕਿ ਰਾਸ਼ਟਰ ਨੂੰ ‘ਹਿੰਦੁਸਤਾਨੀ’ ਬੋਲਣੀ ਚਾਹੀਦੀ ਹੈ – “ਉਰਦੂ, ਪੰਜਾਬੀ ਅਤੇ ਹਿੰਦੀ ਦੇ ਆਮ ਸ਼ਬਦਾਂ ਦਾ ਮਿਸ਼ਰਣ।” ਗਾਇਕ ਗੁਰਦਾਸ ਮਾਨ ਦੀ ਉਸ ਦੇ ਵਿਚਾਰਾਂ ਲਈ ਸੋਸ਼ਲ ਮੀਡੀਆ ‘ਤੇ ਭਾਰੀ ਅਲੋਚਨਾ ਹੋਈ ਸੀ।।ਇਸ ਮੌਕੇ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਉਧੋਕੇ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਪਖੰਡੀ ਦੇ ਚੇਲੇ ਦਾ ਡਟ ਕੇ ਵਿਰੋਧ ਕੀਤਾ ਜਾਵੇ। ਤਾ ਕਿ ਕੋਈ ਅਜਿਹਾ ਗੰਦਾ ਅਨਸਰ ਅੱਗੇ ਤੋਂ ਸਿੱਖ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ।