ਘਰ ਘਰ ਜਾ ਕੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਦਾ ਦਿੱਤਾ ਸੰਦੇਸ਼
ਬਰਨਾਲਾ, 16 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਵੱਲੋਂ ਚਲਾਏ ‘ਮਿਸ਼ਨ ਫਤਿਹ’ ਤਹਿਤ ਹਫਤਾ ਭਰ ਚੱਲਣ ਵਾਲੀਆਂ ਜ਼ਮੀਨੀ ਗਤੀਵਿਧੀਆਂ ਦਾ ਆਗਾਜ਼ ਕਰਦਿਆਂ ਅੱਜ ਆਂਗਣਵਾੜੀ ਸੁਪਰਵਾਈਜ਼ਰਾਂ/ਵਰਕਰਾਂ ਵੱਲੋਂ ਘਰ ਘਰ ਜਾ ਕੇ ਕਰੋਨਾ ਵਾਇਰਸ ਤੋਂ ਬਚਾਅ ਰੱੱਖਣ ਦਾ ਸੁਨੇਹਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਹਿਤ ਤਹਿਤ ਵਿੱਢੀਆਂ ਗਈਆਂ ਜ਼ਮੀਨੀ ਗਤੀਵਿਧੀਆਂ ਤਹਿਤ ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਂਗਣਵਾੜੀ ਸੁਪਰਵਾਈਜ਼ਰਾਂ/ਵਰਕਰਾਂ ਵੱਲੋਂ ਆਂਗਣਵਾੜੀਆਂ ਨਾਲ ਸਬੰਧਤ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਰੋਨਾ ਵਾਇਰਸ ਤੋਂ ਬਚਾਅ ਲਈ ਸਮੇਂ ਸਮੇਂ ’ਤੇ ਹੱਥ ਧੋਣ, ਮਾਸਕ ਪਾਉੁਣ ਜਾਂ ਕਿਸੇ ਕੱਪੜੇ ਨਾਲ ਮੂੰਹ ਢਕ ਕੇ ਰੱਖਣ ਤੇ ਸਮਾਜਿਕ ਦੂਰੀ ਬਣ ਕੇ ਰੱਖਣ, ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱੱਖਣ, ਆਲੇ-ਦੁਆਲੇ ਦੀ ਸਾਫ ਸਫਾਈ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਦੱਸਿਆ ਗਿਆ ਕਿ ਕੋਵਾ ਪੰਜਾਬ ਐਪ ਡਾਊਨਲੋਡ ਕਰ ਕੇ ਮਿਸ਼ਨ ਫਤਿਹ ਮੁਕਾਬਲੇ ਦਾ ਹਿੱਸਾ ਬਣਿਆ ਜਾਵੇ। ਇਸ ਮੁਕਾਬਲੇ ਦੌਰਾਨ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਮਾਸਕ ਪਾਉਣਾ, ਹੱਥ ਧੋਣੇ, ਸਮਾਜਿਕ ਦੂਰੀ ਬਣਾਈ ਰੱਖਣ ਸਬੰਧੀ ਪੁਆਇੰਟ ਕੋਵਾ ਐਪ ਉੱਤੇ ਹੀ ਦਿੱਤੇ ਜਾਣਗੇ। ਇਨ੍ਹਾਂ ਪੁਆਇੰਟਾਂ ਨੂੰ ਰੋਜ਼ਾਨਾ ਦੇ ਹਿਸਾਬ ਨਾਲ ਜੋੜਿਆ ਜਾਵੇਗਾ ਅਤੇ ਸਭ ਤੋ ਵੱਧ ਪੁਆਇੰਟ ਲੈਣ ਵਾਲੇ ਨੂੰ ਮਿਸ਼ਨ ਫਤਿਹ ਵਾਰੀਅਰ ਵਜੋਂ ਸਰਟੀਫਿਕੇਟ ਆਦਿ ਦਿੱਤੇ ਜਾਣਗੇ।

