ਸੰਗਰੂਰ-30 ਅਗਸਤ,( ਜਗਤਾਰ ਬਾਵਾ ) ਜ਼ਿਲ੍ਹਾ ਸੰਗਰੂਰ ਦੇ ਛਾਹੜ ਵਿਖੇ ਪਿੰਡ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਬੂਟਾ ਸਿੰਘ (24)ਪੁੱਤਰ ਮਲਕੀਤ ਸਿੰਘ ਜੋਕਿ ਰਮਦਾਸੀਆ ਬਰਾਦਰੀ ਨਾਲ ਸਬੰਧਤ ਹੈ ਦੇ ਘਰ ਕਰੀਬ ਦੋ ਮਹੀਨੇ ਪਹਿਲਾਂ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ ,ਜਿਸ ਦੌਰਾਨ ਨੌਜ਼ਵਾਨ ਬੂਟਾ ਸਿੰਘ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਝੁੱਲਸਿਆ ਗਿਆ ਸੀ,ਜਿਸ ਨੂੰ ਅੱਗ ਲੱਗ ਜਾਣ ਤੋਂ ਬਾਅਦ ਪਿੰਡ ਵਾਸੀਆਂ ਦੀ ਮੱਦਦ ਨਾਲ ਸੁਨਾਮ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਗ਼ਰੀਬ ਪਰਿਵਾਰ ਦੀ ਕਈ ਦਿਨ ਛਿੱਲ ਲਾਹੁਣ ਤੋਂ ਬਾਅਦ ਹਾਲਤ ਗੰਭੀਰ ਕਹਿਕੇ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ,ਤਾਂ ਅੱਗੋਂ ਸੰਗਰੂਰ ਦੇ ਡਾਕਟਰਾਂ ਨੇ ਪਟਿਆਲਾ ਅਤੇ ਪਟਿਆਲਾ ਰਾਜਿੰਦਰਾ ਦੇ ਡਾਕਟਰਾਂ ਨੇ PGI ਚੰਡੀਗੜ੍ਹ ਰੈਫ਼ਰ ਕਰ ਦਿੱਤਾ,ਜੋ ਕਿ ਅੱਜ ਤੱਕ ਵੀ ਜ਼ੇਰੇ ਇਲਾਜ਼ ਹੈ।
ਜਦੋਂ ਪੀੜ੍ਹਤ ਦੇ ਪਿਤਾ ਮਲਕੀਤ ਸਿੰਘ ਨੂੰ ਪੁੱਛਿਆ ਕਿ ਤੁਸੀਂ ਮੌਕੇ ਤੇ ਕੋਈ ਖ਼ਬਰ ਕਿਉਂ ਨਹੀਂ ਲਗਵਾਈ…? ਤਾਂ ਮਲਕੀਤ ਸਿੰਘ ਦੱਸਿਆ ਕਿ ਸਾਡਾ ਸਾਰਾ ਪਰਿਵਾਰ ਅਨਪੜ੍ਹ ਹੈ ਅਸੀਂ ਇਹ ਹਾਦਸਾ ਵੇਖਕੇ ਇਨ੍ਹਾਂ ਘਬਰਾ ਗਏ ਕਿ ਸਾਨੂੰ ਮੌਕੇ ਤੇ ਆਪਣੇ ਲੜਕੇ ਦੀ ਜਾਨ ਬਚਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਸੁੱਝਿਆ,ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਮੇਰੇ ਪਿੰਡ ਵਾਲਿਆਂ ਨੇ ਮੌਕੇ ਤੇ ਅੱਗ ਵਰਸਾ ਰਹੇ ਸਿਲੰਡਰ ਤੇ ਕੋਈ ਗਿੱਲਾ ਕੱਪੜਾ ਪਾਕੇ ਅੱਗ ਉੱਤੇ ਕਾਬੂ ਪਾਇਆ ਅਤੇ ਉਸੇ ਕਮਰੇ ਵਿੱਚ ਮੇਰੀ ਨੂੰਹ ਦੀ ਪੇਟੀ ਅਤੇ ਅਲਮਾਰੀ ਤੇ ਪਏ ਕਪੜਿਆਂ ਨੂੰ ਵੀ ਲੱਗੀ ਅੱਗ ਤੇ ਪਾਣੀ ਨਾਲ ਕਾਬੂ ਪਾਇਆ,ਉਧਰ ਦੂਜੇ ਪਾਸੇ ਮੇਰਾ ਲੜਕਾ ਵੀ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ,ਜੋ ਉਹ ਵੀ ਮੇਰੇ ਪਿੰਡ ਵਾਸੀਆਂ ਦੀ ਮੱਦਦ ਨਾਲ ਬੱਚ ਤਾਂ ਗਿਆ ਪਰ ਉਹ ਓਦੋਂ ਤੱਕ ਲਗਪਗ 80% ਝੁੱਲਸਿਆ ਗਿਆ ਸੀ,ਜੋ ਕਿ ਅਸੀਂ ਸਭ ਕੁੱਝ ਭੁੱਲ ਕੇ ਮੇਰੇ ਲੜਕੇ ਦੀ ਜਾਨ ਬਚਾਉਣਾ ਜਰੂਰੀ ਸਮਝਿਆ। ਮਲਕੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੈਂ ਅਤੇ ਮੇਰੇ ਲੜਕੇ ਦੇ ਸਹੁਰਾ ਪਰਿਵਾਰ ਨੇ ਤਾਂ ਦੋ ਮਹੀਨਿਆਂ ਤੋਂ ਆਪਣੇ ਲੜਕੇ ਦੀ ਜਾਨ ਬਚਾਉਣ ਲਈ ਦਿਨ ਰਾਤ ਇੱਕ ਕਰ ਰੱਖਿਆ ਹੈ,ਹੁਣ ਜੋ ਵੀ ਘਰ ਵਿੱਚ ਟੂੰਮਾਂ ਅਤੇ ਮੱਝਾਂ ਸਨ,ਸਾਰੀਆਂ ਵੇਚਕੇ ਅਤੇ ਲੋਕਾਂ ਤੋਂ ਵਿਆਜ ਤੇ ਪੈਸੇ ਫੜ੍ਹ-ਫੜ੍ਹ ਕੇ ਇਲਾਜ ਕਰਵਾ ਰਹੇ ਹਾਂ ਪਰ ਹੁਣ ਸਾਨੂੰ ਗ਼ਰੀਬ ਲੋਕਾਂ ਨੂੰ ਕੋਈ ਜਮੀਨ ਜਾਇਦਾਦ ਨਾ ਹੋਣ ਕਰਕੇ ਵਿਆਜ਼ ਤੇ ਜਾਂ ਉਧਾਰੇ ਪੈਸੇ ਵੀ ਨਹੀਂ ਮਿਲ ਰਹੇ,ਇਸ ਲਈ ਮੈਂ ਹੁਣ ਬੁਰੀ ਤਰ੍ਹਾਂ ਟੁੱਟ ਚੁੱਕਾ ਹਾਂ ਸੋਚਦਾ ਹਾਂ ਕਿ ਹੁਣ ਮੈਂ ਆਪਣੇ ਲੜਕੇ ਦੀ ਜਾਨ ਕਿਵੇਂ ਬਚਾਵਾਂਗਾ…? ਫਿਰ ਮੇਰੇ ਕਿਸੇ ਸਾਥੀ ਨੇ ਸਲਾਹ ਦਿੱਤੀ ਕਿ ਤੂੰ ਇਹ ਮਾਮਲਾ ਮੀਡੀਆ ਸਾਹਮਣੇ ਲੈਕੇ ਆ,ਸ਼ਾਇਦ ਰੱਬ ਆਪਣੇ ਕਿਸੇ ਭਗਤ ਨੂੰ ਕਿਸੇ ਰੂਪ ਵਿੱਚ ਤੇਰੇ ਬੱਚੇ ਨੂੰ ਬਚਾਉਣ ਲਈ ਭੇਜ ਦੇਵੇ।ਇਸ ਲਈ ਹੁਣ ਮੈਂ ਕਰੀਬ ਦੋ ਮਹੀਨੇ ਲੇਟ ਮੀਡੀਆ ਅੱਗੇ ਆਇਆ ਹਾਂ। ਮਲਕੀਤ ਸਿੰਘ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਪਣੇ ਲੜਕੇ ਦੀ ਜਾਨ ਬਚਾਉਣ ਲਈ ਗੁਹਾਰ ਲਗਾਈ ਹੈ।