ਪਟਿਆਲਾ 27 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦ ਕੋਈ ਨੁਕਸਾਨ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਪੰਜਾਬੀ ਯੁਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਬੀ. ਐੱਸ ਘੁੰਮਣ ਵੱਲੋਂ ਸਮੂਹ ਅਧਿਆਪਨ ਫੈਕਲਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਨਲਾਈਨ ਵਿਧੀਆਂ ਦੀ ਮਦਦ ਨਾਲ ਆਪਣਾ ਅਧਿਆਪਨ ਕਾਰਜ ਜਾਰੀ ਰੱਖਣ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਹਿਤ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਇਕ ਪੱਤਰ ਸਾਰੇ ਅਧਿਆਪਕਾਂ ਨੂੰ ਈ-ਮੇਲ ਕੀਤਾ ਗਿਆ ਹੈ।
ਡਾ. ਬਤਰਾ ਵੱਲੋਂ ਭੇਜੇ ਗਏ ਇਸ ਤਾਜ਼ਾ ਪੱਤਰ ਰਾਹੀਂ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਯੂ.ਜੀ.ਸੀ. ਵੱਲੋਂ ਵੀ ਇਸੇ ਵਿਸ਼ੇ ਸੰਬੰਧੀ ਇਕ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿਚ ਵਖ-ਵਖ ਆਨਲਾਈਨ ਮਾਧਿਅਮਾਂ ਦੀ ਵਰਤੋਂ ਕੀਤੇ ਜਾਣ ਬਾਰੇ ਜ਼ਿਕਰ ਹੈ। ਇਸ ਤੋਂ ਪਹਿਲਾਂ ਵੀ ਯੂ.ਜੀ.ਸੀ. ਦਾ ਇਕ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿਚ ਭਾਰਤ ਸਰਕਾਰ ਦੇ ਮਨੁੱਖੀ ਸ਼ਰੋਤ ਵਿਕਾਸ ਮੰਤਰਾਲਾ, ਨਵੀਂ ਦਿੱਲੀ ਵੱਲੋਂ ਈ-ਕੰਟੈਂਟ ਸੰਬੰਧੀ ਉਠਾਏ ਗਏ ਕਦਮਾਂ ਬਾਰੇ ਦੱਸਿਆ ਗਿਆ ਸੀ। ਜ਼ਿਕਰਯੋਗ ਹੈ ਕਿ ਕੰਪਿਊਟਰ ਸਾਇੰਸ ਦੇ ਅਧਿਆਪਕ ਡਾ. ਵਿਸ਼ਾਲ ਗਰਗ ਵੱਲੋਂ ਵਖ-ਵਖ ਆਨਲਾਈਨ ਮਾਧਿਅਮਾਂ ਦੀ ਸੁਵਰਤੋਂ ਬਾਰੇ ਇਕ ਪੀ.ਪੀ.ਟੀ. ਵੀ ਤਿਆਰ ਕੀਤੀ ਗਈ ਸੀ, ਜੋ ਕਿ ਮੁੜ ਇਸ ਪੱਤਰ ਨਾਲ ਡਾ. ਬਤਰਾ ਨੇ ਸਮੂਹ ਅਧਿਆਪਕਾਂ ਨੂੰ ਭੇਜੀ ਹੈ।
ਡਾ. ਬਤਰਾ ਵੱਲੋਂ ਪੱਤਰ ਰਾਹੀਂ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਆਨਲਾਈਨ ਵਿਧੀ ਰਾਹੀਂ ਜਾਰੀ ਰੱਖੇ ਹੋਏ ਅਧਿਆਪਨ ਕਾਰਜ ਦੀ ਵਾਈਸ ਚਾਂਸਲਰ ਡਾ. ਘੁੰਮਣ ਨੇ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਮੂਡਲ’ ਦੇ ਮਾਧਿਅਮ ਦੀ ਵੱਧ ਤੋਂ ਵਰਤੋਂ ਕੀਤੇ ਜਾਣ ਤੇ ਜੋਰ ਦਿੱਤਾ ਹੈ। ਡਾ. ਘੁੰਮਣ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਵਿਦਿਆਰਥੀਆਂ ਦਾ ਬਾਕੀ ਰਹਿੰਦਾ ਸਿਲੇਬਸ ਆਨਲਾਈਨ ਵਿਧੀ ਰਾਹੀਂ ਹੀ ਪੂਰਾ ਕਰਵਾਇਆ ਜਾਣਾ ਹੈ। ਜ਼ੂਮ, ਵਟਸਐਪ ਆਦਿ ਮਾਧਿਅਮਾਂ ਰਾਹੀਂ ਸਿਰਜੇ ਜਾਣ ਵਾਲੇ ਸਿੱਧੇ ਸੰਵਾਦ ਜਰੀਏ ਵਖ-ਵਖ ਵਿਸ਼ਿਆਂ ਦੇ ਵਿਦਿਆਰਥੀ ਆਪਣੀ ਕਿਸੇ ਵੀ ਸ਼ੰਕਾ ਨਵਿਰਤੀ ਲਈ ਅਧਿਆਪਕਾਂ ਨਾਲ ਜਿਸ ਤਰ੍ਹਾਂ ਸਿੱਧੇ ਜੁੜੇ ਹੋਏ ਹਨ, ਇਸ ਦੀ ਵੀ ਡਾ. ਘੁੰਮਣ ਵੱਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਦੀ ਬਦੌਲਤ ਯੂਨੀਵਰਸਿਟੀ ਦਾ ਅਕਾਦਮਿਕ ਸੈਸ਼ਨ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਅਗਲਾ ਸੈਸ਼ਨ ਵੀ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇਗਾ।
ਇਸ ਪੱਤਰ ਰਾਹੀਂ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਦੇ ਖੁੱਲ੍ਹਣ ਉਪਰੰਤ ਇਨ੍ਹਾਂ ਸਾਰੇ ਆਨਲਾਈਨ ਅਧਿਆਪਨ ਕਾਰਜਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ। ਪੱਤਰ ਰਾਹੀਂ ਸੁਝਾਇਆ ਗਿਆ ਹੈ ਕਿ ਜੇਕਰ ਕਿਸੇ ਅਧਿਆਪਕ ਨੂੰ ਕਿਸੇ ਵੀ ਕਿਸਮ ਦੀ ਤਕਨੀਕੀ ਦਿੱਕਤ ਆਵੇ ਤਾਂ ਉਹ ਇਸ ਬਾਰੇ ਸੰਗਠਿਤ ਕੀਤੀ ਹੋਈ ਕੋਆਰਡੀਨੇਟਿੰਗ ਟੀਮ, ਜਿਸ ਵਿਚ ਕਿ ਡਾ. ਵਿਸ਼ਾਲ ਗੋਇਲ, ਡਾ. ਗੁਰਪ੍ਰੀਤ ਸਿੰਘ ਜੋਸਨ ਅਤੇ ਡਾ. ਸਤਿੰਦਰ ਕੁਮਾਰ ਸ਼ਾਮਿਲ ਹਨ, ਨੂੰ ਵੀ ਸੰਪਰਕ ਕੀਤਾ ਜਾ ਸਕਦਾ ਹੈ।