ਕੇਂਦਰ ਸਰਕਾਰ ਵੱਲੋਂ ‘ਹਿੱਟ ਐਂਡ ਰਨ’ ਸਬੰਧੀ ਕਾਨੂੰਨ ਵਿੱਚ ਕੀਤੀ ਗਈ ਸੋਧ ਖ਼ਿਲਾਫ਼ ਅੱਜ ਟਰੱਕ ਅਪਰੇਟਰਾਂ ਨੇ ਅੱਡਾ ਕਾਹਨਪੁਰ ਖੂਹੀ ਵਿਖੇ ਅਣਮਿੱਥੇ ਸਮੇਂ ਲਈ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਟਰੱਕ ਅਪਰੇਟਰਾਂ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਦੇ ਕੇਸਾਂ ਸਬੰਧੀ ਬੇਹੱਦ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸ ਤਹਿਤ ਹਾਦਸਾ ਵਾਪਰਨ ’ਤੇ ਸਬੰਧਤ ਵਾਹਨ ਚਾਲਕ ਵੱਲੋਂ ਪੀੜਤ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਹੋਵੇਗਾ ਅਤੇ ਜੇਕਰ ਇਸ ਤਰ੍ਹਾਂ ਦੇ ਕਿਸੇ ਹਾਦਸੇ ਵਿੱਚ ਜਾਨ ਚਲੀ ਜਾਵੇਗੀ ਤਾਂ ਇਸ ਨਵੇਂ ਕਾਨੂੰਨ ਤਹਿਤ ਜ਼ਿੰਮੇਵਾਰ ਡਰਾਈਵਰ ਲਈ 10 ਸਾਲ ਦੀ ਸਜ਼ਾ ਅਤੇ ਪੰਜ ਲੱਖ ਰੁਪਏ ਦੇ ਜੁਰਮਾਨੇ ਦੀ ਸਖ਼ਤ 3ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਟਰੱਕ ਅਪਰੇਟਰਾਂ ਨੇ ਕਿਹਾ ਕਿ ਅਜਿਹੇ ਨਾਦਰਸ਼ਾਹੀ ਫੁਰਮਾਨ ਦੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਮਿਸਾਲ ਨਹੀਂ ਮਿਲਦੀ। ਇਸ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਨਾ ਹੀ ਡਰਾਈਵਰਾਂ ਦੀ ਸਲਾਹ ਲਈ ਗਈ ਹੈ ਅਤੇ ਨਾ ਹੀ ਟਰੱਕ ਅਪਰੇਟਰਾਂ ਨਾਲ ਸਬੰਧਤ ਕਿਸੇ ਜਥੇਬੰਦੀ ਦੇ ਵਿਚਾਰ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਸਮੁੱਚੇ ਦੇਸ਼ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬੰਤ ਸਮੁੰਦੜੀਆਂ, ਨਰੇਸ਼ ਭਨੂੰਹਾਂ, ਦਾਸੂ ਹੈਬੋਵਾਲ, ਬੱਗੂ ਭਨੂੰਹਾਂ, ਰਾਣਾ ਨਲਹੋਟੀ, ਬਿੰਦਾ ਸਮੁੰਦੜੀਆਂ, ਬੱਗਾ ਪੰਡਿਤ ਟੱਬਾ, ਨੰਬਰਦਾਰ ਸ਼ਿੰਗਾਰਾ ਭਨੂੰਹਾਂ, ਭਿੰਦੂ ਸੇਖੋਵਾਲ, ਲੱਡੂ ਪੰਡਿਤ ਟੱਬਾ, ਰੋਸ਼ਨ ਸਮੁੰਦੜੀਆਂ, ਬਿੰਦਾ ਸਮੁੰਦੜੀਆਂ ਤੇ ਨਿੰਦਰ ਰੈਂਸੜਾ ਟਰੱਕ ਅਪਰੇਟਰ ਹਾਜ਼ਰ ਸਨ।