ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਹਰਿਆਣਾ ਸਰਕਾਰ ’ਤੇ ਸੂਬੇ ਵਿੱਚ ਭਰਤੀ ਦੌਰਾਨ ਦੂਜੇ ਰਾਜਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨੌਜਵਾਨ ਆਪਣੇ ਨਾਲ ਹੋਏ ਧੱਕੇ ਦਾ ਹਿਸਾਬ ਵਿਧਾਨ ਸਭਾ ਚੋਣਾਂ ਵੇਲੇ ਖੱਟਰ ਸਰਕਾਰ ਤੋਂ ਜ਼ਰੂਰ ਮੰਗਣਗੇ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ ਤੇ ਸੂਬਾ ਸਰਕਾਰ ਦੂਜੇ ਰਾਜਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ। ਲਾਡਵਾ ਵਿੱਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਦੀਪੇਂਦਰ ਹੁੱਡਾ ਨੇ ਕਿਹਾ ਕਿ ਖੱਟਰ ਸਰਕਾਰ ਹਰਿਆਣਾ ਦੇ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਇੰਨੀ ਠੰਢ ਵਿੱਚ ਰੈਲੀ ’ਚ ਆਉਣ ’ਤੇ ਉਨ੍ਹਾਂ ਦੀ ਮਿਹਨਤ ਅਜ਼ਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਨਾ ਸਿਰਫ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਬਲਕਿ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਵੀ ਮੁਫਤ ਮਿਲੇਗੀ। ਉਨ੍ਹਾਂ ਕਿਹਾ ਕਿ ਜਜਪਾ-ਭਾਜਪਾ ਤਾਂ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ ਪਰ ਕਾਂਗਰਸ ਸਰਕਾਰ ਬਨਣ ’ਤੇ ਬੁਢਾਪਾ ਪੈਨਸ਼ਨ 6 ਹਜ਼ਾਰ ਰੁਪਏ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਦੇ 10 ਸਾਲ ਦੇ ਰਾਜ ਵਿਚ ਹਰਿਆਣਾ ਵਿਕਾਸ ’ਚ ਪੱਛੜ ਕੇ 17ਵੇਂ ਨੰਬਰ ’ਤੇ ਪਹੁੰਚ ਗਿਆ ਹੈ, ਜਦੋਂ ਕਿ ਭ੍ਰਿਸ਼ਟਾਚਾਰ, ਨਸ਼ਾ, ਬੇਰੁਜ਼ਗਾਰੀ, ਵਿਚ ਹਰਿਆਣਾ ਨੰਬਰ ਇਕ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁੱਡਾ ਦੇ ਰਾਜ ਵਿੱਚ ਸੂਬੇ ’ਚ ਪੰਜ ਥਰਮਲ ਪਲਾਂਟ ਲਾਏ ਗਏ ਸਨ ਪਰ ਭਾਜਪਾ ਨੇ 10 ਸਾਲ ਦੇ ਸ਼ਾਸਨ ਵਿਚ ਇਕ ਵੀ ਥਰਮਲ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਜੇ ਕਿਧਰੇ ਚਰਚਾ ਹੋਈ ਹੈ ਤਾਂ ਉਹ ਸਰਕਾਰ ਦੇ ਭਰਤੀ ਘੁਟਾਲਿਆਂ ਦੀ ਹੋਈ ਹੈ।
ਇਸ ਮੌਕੇ ਸਾਬਕਾ ਮੰਤਰੀ ਅਸ਼ੋਕ ਅਰੋੜਾ, ਵਿਧਾਇਕ ਮੇਵਾ ਸਿੰਘ, ਸਾਬਕਾ ਸਪੀਕਰ ਹਰਮਹਿੰਦਰ ਸਿੰਘ ਚੱਠਾ, ਰੋਹਿਤ ਗਰਗ, ਸ਼ਾਲੂ ਬੰਸਲ, ਹਰਪੀ੍ਰਤ ਸਿੰਘ ਚੀਮਾ, ਡਾ ਕਪੂਰ ਸਿੰਘ ਤੇ ਭਗਵੰਤ ਸਿੰਘ ਚੀਮਾ ਆਦਿ ਨੇ ਰੈਲੀ ਨੂੰ ਸੰਬੋਧਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਰੈਲੀ ਨੂੰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੂਬਾ ਕਾਂਗਰਸ ਪ੍ਰਧਾਨ ਉਦੈਭਾਨ ਨੇ ਵੀ ਸੰਬੋਧਿਤ ਕਰਨਾ ਸੀ, ਪਰ ਉਹ ਰੈਲੀ ਵਿਚ ਨਹੀਂ ਪਹੁੰਚ ਸਕੇ।

