ਕਪਤਾਨ ਪੈਟ ਕਮਿੰਸ ਦੀਆਂ ਦਸ ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਪਾਕਿਸਤਾਨ ਨੂੰ 79 ਦੌੜਾਂ ਨਾਲ ਹਰਾ ਦਿੱਤਾ। ਕਮਿੰਸ ਨੇ ਦੂਜੀ ਵਾਰ ਮੈਚ ਵਿੱਚ ਦਸ ਵਿਕਟਾਂ ਲੈਣ ਦੀ ਪ੍ਰਾਪਤੀ ਹਾਸਲ ਕੀਤੀ ਹੈ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਮੇਜ਼ਬਾਨ ਟੀਮ ਨੇ ਪਾਕਿਸਤਾਨ ਨੂੰ 237 ਦੌੜਾਂ ’ਤੇ ਆਊਟ ਕਰ ਦਿੱਤਾ। ਪਾਕਿਸਤਾਨ ਦੀ ਇਹ ਆਸਟਰੇਲੀਆ ਵਿੱਚ ਲਗਾਤਾਰ 16ਵੀਂ ਟੈਸਟ ਹਾਰ ਸੀ। ਮੁਹੰਮਦ ਰਿਜ਼ਵਾਨ ਅਤੇ ਸਲਮਾਨ ਅਲੀ ਆਗਾ ਨੇ 67 ਦੌੜਾਂ ਦੀ ਭਾਈਵਾਲੀ ਕਰ ਕੇ ਮੈਚ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਕਮਿੰਸ ਨੇ ਸਾਰੀਆਂ ਉਮੀਦਾਂ ਤੋੜ ਦਿੱਤੀਆਂ। ਗਰਾਊਂਡ ਅੰਪਾਇਰ ਨੇ ਰਿਜ਼ਵਾਨ ਨੂੰ ਨਾਟ ਆਊਟ ਕਰਾਰ ਦਿੱਤਾ ਪਰ ਤੀਜੇ ਅੰਪਾਇਰ ਨੇ ਆਸਟਰੇਲੀਆ ਦੇ ਰੀਵਿਊ ’ਤੇ ਗੇਂਦਬਾਜ਼ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਅਤੇ ਰਿਜ਼ਵਾਨ ਨੂੰ ਪਵੇਲੀਅਨ ਜਾਣਾ ਪਿਆ। ਉਸ ਸਮੇਂ ਪਾਕਿਸਤਾਨ ਦਾ ਸਕੋਰ ਪੰਜ ਵਿਕਟਾਂ ’ਤੇ 219 ਦੌੜਾਂ ਸੀ। ਕਮਿੰਸ ਨੇ ਚਾਹ ਦੀ ਬਰੇਕ ਤੋਂ ਪਹਿਲਾਂ ਕਪਤਾਨ ਸ਼ਾਨ ਮਸੂਦ (60) ਨੂੰ ਆਊਟ ਕੀਤਾ। ਆਮਿਰ ਜਮਾਲ ਉਸ ਦੀ ਚੌਥੀ ਵਿਕਟ ਸੀ ਜੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ‘ਪਲੇਅਰ ਆਫ ਦਿ ਮੈਚ’ ਬਣੇ ਕਮਿੰਸ 250 ਟੈਸਟ ਵਿਕਟਾਂ ਲੈਣ ਵਾਲਾ ਦਸਵਾਂ ਆਸਟਰੇਲਿਆਈ ਗੇਂਦਬਾਜ਼ ਵੀ ਬਣ ਗਿਆ। ਆਸਟਰੇਲੀਆ ਨੇ ਪਹਿਲਾ ਟੈਸਟ 360 ਦੌੜਾਂ ਨਾਲ ਜਿੱਤਿਆ ਸੀ। ਤੀਜਾ ਟੈਸਟ 3 ਜਨਵਰੀ ਤੋਂ ਸਿਡਨੀ ’ਚ ਖੇਡਿਆ ਜਾਵੇਗਾ। ਪਾਕਿਸਤਾਨ ਨੇ ਆਸਟਰੇਲੀਆ ਵਿੱਚ ਆਖਰੀ ਵਾਰ ਟੈਸਟ 1995 ’ਚ ਜਿੱਤਿਆ ਸੀ।

