ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਅੱਜ ਇੱਥੇ ਚੌਥੇ ਟੀ20 ਕੌਮਾਂਤਰੀ ਕ੍ਰਿਕਟ ਮੈਚ ’ਚ ਉੱਤਰੇਗੀ। ਇਸ ਦੌਰਾਨ ਗਲੇਨ ਮੈਕਸਵੈੱਲ ਦੀ ਗ਼ੈਰਹਾਜ਼ਰੀ ਦਾ ਲਾਹਾ ਲੈਂਦਿਆਂ ਗੇਂਦਬਾਜ਼ ਚੰਗੇ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ। ਤੀਜੇ ਮੈਚ ਵਿੱਚ ਭਾਰਤ ਦੇ ਦੂਜੇ ਦਰਜੇ ਦੇ ਗੇਂਦਬਾਜ਼ ਆਖਰੀ ਦੋ ਓਵਰਾਂ ਵਿੱਚ 43 ਦੌੜਾਂ ਬਣਾਉਣ ਤੋਂ ਆਸਟਰੇਲੀਆ ਨੂੰ ਰੋਕ ਨਹੀਂ ਸਕੇ ਸੀ। ਆਸਟਰੇਲੀਆ ਨੇ 223 ਦੌੜਾਂ ਦਾ ਟੀਚਾ ਹਾਸਲ ਕਰਦਿਆਂ ਮੈਚ ਜਿੱਤਿਆ। ਪ੍ਰਸਿੱਧ ਕ੍ਰਿਸ਼ਨ ਨੇ ਚਾਰ ਓਵਰਾਂ ਵਿੱਚ 68 ਅਤੇ ਆਖ਼ਰੀ ਓਵਰ ’ਚ 21 ਦੌੜਾਂ ਦਿੱਤੀਆਂ। ਦੀਪਕ ਚਾਹਰ ਦੀ ਟੀਮ ਵਿੱਚ ਵਾਪਸੀ ਹੋਈ ਹੈ। ਇਸੇ ਤਰ੍ਹਾਂ ਇੱਕ ਮੈਚ ਦੀ ਬਰੇਕ ਮਗਰੋਂ ਮੁਕੇਸ਼ ਕੁਮਾਰ ਵੀ ਟੀਮ ਵਿੱਚ ਪਰਤਿਆ ਹੈ। ਬੱਲੇਬਾਜ਼ੀ ਵਿੱਚ ਸ਼੍ਰੇਯਸ ਅਈਅਰ ਦੀ ਵਾਪਸੀ ਦਾ ਮਤਲਬ ਹੈ ਕਿ ਤਿਲਕ ਵਰਮਾ ਨੂੰ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਕਪਤਾਨ ਸੂਰਿਆਕੁਮਾਰ ਯਾਦਵ ਅਤੇ ਫਿਨਿਸ਼ਰ ਰਿੰਕੂ ਸਿੰਘ ਦੀ ਚੋਣ ਤਾਂ ਤੈਅ ਹੈ। ਭਾਰਤੀ ਟੀਮ ਮੈਕਸਵੈੱਲ ਦੀ ਗ਼ੈਰਹਾਜ਼ਰੀ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ, ਜਿਸ ਨੇ ਆਸਟਰੇਲੀਆ ਨੂੰ ਤੀਜਾ ਮੈਚ ਜਿਤਾਇਆ ਸੀ। ਉਸ ਨੇ 48 ਗੇਂਦਾਂ ’ਤੇ 102 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਸਟੀਵ ਸਮਿਥ ਤੇ ਐਡਮ ਜ਼ੈਪਾ ਵੀ ਵਤਨ ਪਰਤ ਚੁੱਕੇ ਹਨ ਕਿਉਂਕਿ ਉਹ ਵਿਸ਼ਵ ਕੱਪ ਟੀਮ ਵਿੱਚ ਵੀ ਸੀ ਅਤੇ ਭਾਰਤ ਵਿੱਚ ਪਰਵਾਸ ਕਾਫ਼ੀ ਲੰਬਾ ਹੋ ਗਿਆ ਸੀ।
ਹੁਣ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਮ ਡੇਵਿਡ, ਜੋਸ਼ ਫਿਲਿਪ ਅਤੇ ਬੇਨ ਮੈਕਡਰਮੋਟ ਦੀ ਚੁਣੌਤੀ ਹੋਵੇਗੀ, ਜੋ ਪਿਛਲੇ ਪੰਜ-ਛੇ ਹਫ਼ਤਿਆਂ ਵਿੱਚ ਸੀਮਿਤ ਓਵਰਾਂ ਦੇ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ਵਿੱਚ ਯਾਦਗਾਰ ਪਾਰੀ ਖੇਡਣ ਵਾਲੇ ਟ੍ਰੇਵਿਸ ਹੈੱਡ ਅਤੇ ਕਪਤਾਨ ਮੈਥਿਊ ਵੇਡ ਵੀ ਟੀਮ ਵਿੱਚ ਹਨ। ਗੁਹਾਟੀ ਵਾਂਗ ਇੱਥੇ ਵੀ ਤਰੇਲ ਦੀ ਭੂਮਿਕਾ ਅਹਿਮ ਹੋਵੇਗੀ ਅਤੇ ਟਾਸ ਜਿੱਤਣ ਵਾਲਾ ਕਪਤਾਨ ਟੀਚੇ ਦਾ ਪਿੱਛਾ ਕਰਨਾ ਚਾਹੇਗਾ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੂਜੀ ਪਾਰੀ ਵਿੱਚ ਗਿੱਲੀ ਗੇਂਦ ਨਾਲ ਜੂਝਣਾ ਪਵੇਗਾ। ਭਾਰਤ ਦੇ ਨੌਜਵਾਨ ਬੱਲਬਾਜ਼ਾਂ ਯਸ਼ਸਵੀ, ਇਸ਼ਾਨ ਕਿਸ਼ਨ, ਰਿੰਕੂ ਸਿੰਘ, ਤਿਲਕ ਵਰਮਾ ਅਤੇ ਖੁਦ ਕਪਤਾਨ ਸੂਰਿਆਕੁਮਾਰ ਯਾਦਵ ਨੇ ਲੋੜ ਸਮੇਂ ਚੰਗੀਆਂ ਪਾਰੀਆਂ ਖੇਡੀਆਂ ਹਨ। ਰੁਤੂਰਾਜ ਗਾਇਕਵਾੜ ਨੇ ਤੀਜੇ ਮੈਚ ਵਿੱਚ 57 ਗੇਂਦਾਂ ਵਿੱਚ 123 ਦੌੜਾਂ ਬਣਾਈਆਂ।

