ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਦਿੱਲੀ ਪੁਲੀਸ ਨੇ ਉਸ ਸਾਈਕਲ ਸਵਾਰ ਮੋਚੀ ਦੀ ਭਾਲ ਕਰਨ ਲਈ ਲਖਨਊ ਪੁਲੀਸ ਨੂੰ ਆਖਿਆ ਹੈ ਜਿਸ ਨੇ ਮੁਲਜ਼ਮਾਂ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਦੇ ਜੁੱਤਿਆਂ ’ਚ ਧੂੰਏਂ ਵਾਲੇ ਕੈਨਿਸਟਰ ਰੱਖਣ ਦੀ ਥਾਂ ਬਣਾਈ ਸੀ। ਸੂਤਰਾਂ ਨੇ ਕਿਹਾ ਕਿ ਪੁਲੀਸ ਮੋਚੀ ਨੂੰ ਇਸ ਮਾਮਲੇ ਦਾ ਗਵਾਹ ਬਣਾਉਣਾ ਚਾਹੁੰਦੀ ਹੈ। ਦਿੱਲੀ ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਸਾਗਰ ਨੇ ਪਹਿਲਾਂ ਖੁਦ ਹੀ ਜੁੱਤਿਆਂ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਦਿੱਲੀ ਪੁਲੀਸ ਦੀ ਇਕ ਟੀਮ ਨੇ ਇਸ ਮਹੀਨੇ ਦੇ ਸ਼ੁਰੂ ’ਚ ਮੋਚੀ ਦੀ ਭਾਲ ’ਚ ਲਖਨਊ ਦਾ ਦੌਰਾ ਵੀ ਕੀਤਾ ਸੀ। ਉਨ੍ਹਾਂ ਆਲਮਬਾਗ ’ਚ ਕਈ ਮੋਚੀਆਂ ਤੋਂ ਪੁੱਛ-ਪੜਤਾਲ ਵੀ ਕੀਤੀ ਸੀ। ਸਾਗਰ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਖੁਦ ਜੁੱਤੇ ਨਹੀਂ ਬਣਾ ਸਕਿਆ ਤਾਂ ਉਹ ਆਲਮਬਾਗ ’ਚ ਮੋਚੀ ਕੋਲ ਗਿਆ ਸੀ। ਉਸ ਨੇ ਆਪਣੇ ਘਰ ਨੇੜਿਉਂ ਇਕ ਦੁਕਾਨ ਤੋਂ 595 ਰੁਪਏ ’ਚ ਜੁੱਤਿਆਂ ਦੇ ਦੋ ਜੋੜੇ ਖ਼ਰੀਦੇ ਸਨ। ਖੱਬੇ ਪੈਰ ਦੇ ਜੁੱਤੇ ਦੇ ਹੇਠਲੇ ਹਿੱਸੇ ਨੂੰ ਕੱਟ ਕੇ ਖਾਲੀ ਥਾਂ ਬਣਾਈ ਗਈ ਸੀ। ਬੂਟ ਦੇ ਹੇਠਲੇ ਪਾਸੇ ਰਬੜ ਦਾ ਵਾਧੂ ਸੋਲ ਲਾਇਆ ਗਿਆ ਸੀ। ਐੱਫਆਈਆਰ ਮੁਤਾਬਕ ਸੱਜੇ ਪੈਰ ਵਾਲੇ ਬੂਟ ਦਾ ਅੰਦਰਲਾ ਸੋਲ ਵੀ ਅੰਸ਼ਕ ਤੌਰ ’ਤੇ ਕੱਟਿਆ ਹੋਇਆ ਸੀ। ਪੁਲੀਸ ਨੂੰ ਸਾਗਰ ਦੇ ਲਖਨਊ ਸਥਿਤ ਆਲਮਬਾਗ ਦੇ ਰਾਮਨਗਰ ਦੇ ਘਰ ’ਚੋਂ ਜੁੱਤਿਆਂ ਦਾ ਜੋੜਾ, ਸੋਲ ਅਤੇ ਜੁੱਤਿਆਂ ਦਾ ਨਾਪ ਲੈਣ ਵਾਲਾ ਇਕ ਫੁੱਟਾ ਵੀ ਮਿਲਿਆ ਹੈ। ਘਰ ’ਚੋਂ ਇਕ ਡਾਇਰੀ ਅਤੇ ਸ਼ਹੀਦ ਭਗਤ ਸਿੰਘ ਬਾਰੇ ਕੁਝ ਕਿਤਾਬਾਂ ਵੀ ਮਿਲੀਆਂ ਸਨ।
