ਭਾਰਤ ਦੇ ਮੀਡੀਆ, ਖ਼ੁਫੀਆ ਤੇ ਸਿਆਸੀ ਤੰਤਰ ਵਿਚ ਅੱਜ ਭਗੌੜੇ ਅਤਿਵਾਦੀ ਦਾਊਦ ਇਬਰਾਹਿਮ ਕਾਸਕਰ ਨੂੰ ‘ਜ਼ਹਿਰ ਦਿੱਤੇ ਜਾਣ ਅਤੇ ਉਸ ਦੀ ਹਾਲਤ ਗੰਭੀਰ ਹੋਣ ਦੀਆਂ ਕਿਆਸਰਾਈਆਂ’ ਦਾ ਬਾਜ਼ਾਰ ਗਰਮ ਰਿਹਾ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਕਿ ਉਹ ਕਰਾਚੀ ਦੇ ਹਸਪਤਾਲ ਵਿਚ ਦਾਖਲ ਹੈ। ਇਸ ਸਬੰਧੀ ਪਹਿਲੀ ਚਰਚਾ ਐਤਵਾਰ ਸ਼ਾਮ ਮੁੰਬਈ ਵਿਚ ਸ਼ੁਰੂ ਹੋਈ, ਪਰ ਪੁਲੀਸ ਤੇ ਖੁਫ਼ੀਆ ਤੰਤਰ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਤੋਂ ਆ ਰਹੀਆਂ ਅਜਿਹੀਆਂ ਸਾਰੀਆਂ ਰਿਪੋਰਟਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ। ਸੋਮਵਾਰ ਸਵੇਰੇ ਪਾਕਿਸਤਾਨੀ ਮੀਡੀਆ ਵੀ ਇਸ ਖ਼ਬਰ ਦੇ ਪਿੱਛੇ ਪੈ ਗਿਆ। ਕਈ ਸੋਸ਼ਲ ਮੀਡੀਆ ਪੋਸਟਾਂ ਵਿਚ ਕਿਹਾ ਗਿਆ ਕਿ ਦਾਊਦ ਦੀ ਹਾਲਤ ਗੰਭੀਰ ਹੋਣ ਦੀਆਂ ਐਤਵਾਰ ਆਈਆਂ ਰਿਪੋਰਟਾਂ ਮਗਰੋਂ ਇੰਟਰਨੈੱਟ, ਫੇਸਬੁੱਕ ਤੇ ‘ਐਕਸ’ ਡਾਊਨ ਹੈ। ਮੁੰਬਈ ਤੇ ਦਿੱਲੀ ਵਿਚਲੇ ਖੁਫ਼ੀਆ ਤੰਤਰ ਦੇ ਅਧਿਕਾਰੀ ਹਾਲੇ ਇਸ ਮਾਮਲੇ ਉਤੇ ਚੁੱਪ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅਜਿਹੀਆਂ ਕਈ ਰਿਪੋਰਟਾਂ ਨਿਯਮਿਤ ਤੌਰ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਜ਼ਿਆਦਾਤਰ ਗਲਤ ਨਿਕਲਦੀਆਂ ਹਨ। ਜ਼ਿਕਰਯੋਗ ਹੈ ਕਿ ਦਾਊਦ ਭਾਰਤ ਵਿਚ ‘ਮੋਸਟ ਵਾਂਟੇਡ’ ਹੈ, ਤੇ ਕਈ ਅਪਰਾਧਾਂ, ਦਹਿਸ਼ਤੀ ਗਤੀਵਿਧੀਆਂ, ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਲੋੜੀਂਦਾ ਹੈ। ਉਸ ’ਤੇ ਮੁੰਬਈ ’ਚ ਹੋਏ ਲੜੀਵਾਰ ਧਮਾਕਿਆਂ (1993) ਵਿਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਮਹਾਰਾਸ਼ਟਰ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਦਾਊਦ ਦੇ ਭਰਾਵਾਂ ਨੇ ਸੱਤ ਸਾਲ ਪਹਿਲਾਂ ਖੁਲਾਸਾ ਕੀਤਾ ਸੀ ਕਿ ਦਾਊਦ ਕਰਾਚੀ ਦਾ ਪੱਕਾ ਨਿਵਾਸੀ ਹੈ ਤੇ ਸਖ਼ਤ ਸੁਰੱਖਿਆ ਹੇਠ ਸਦਰ ਖੇਤਰ ਦੇ ਇਕ ਆਲੀਸ਼ਾਨ ਬੰਗਲੇ ਵਿਚ ਰਹਿੰਦਾ ਹੈ।

