ਨਵੀਂ ਦਿੱਲੀ, 5 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਉਤਰਾਖੰਡ ’ਚ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ। ਉਹ ਇਥੇ ਆਪਣੇ ਨਜਿੀ ਹੈਲੀਕਾਪਟਰ ਜ਼ਰੀਏ ਪਹੁੰਚੇ ਜਿਥੇ ਮੰਦਰ ਦੇ ਪੁਜਾਰੀ ਅਤੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਫੇਸਬੁੱਕ ’ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ, ‘‘ਮੈਂ ਅੱਜ ਕੇਦਾਰਨਾਥ ਮੰਦਰ ਦੇ ਦਰਸ਼ਨ ਕੀਤੇ ਅਤੇ ਉਥੇ ਪੂਜਾ ਅਰਚਨਾ ਕੀਤੀ। ਹਰ ਹਰ ਮਹਾਦੇਵ।’’ ਇਸ ਦੌਰਾਨ ਰਾਹੁਲ ਗਾਂਧੀ ਨੇ ਕੇਦਾਰਨਾਥ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨਾਲ ਵੀ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ। ਉਹ ਸ਼ਾਮ ਨੂੰ ਹੋਣ ਵਾਲੀ ਆਰਤੀ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਇੱਥੇ ਸ਼ਰਧਾਲੂਆਂ ਨੂੰ ਚਾਹ ਦਾ ਲੰਗਰ ਵੀ ਵਰਤਾਇਆ। ਇਸ ਤੋਂ ਪਹਿਲਾਂ ਰਾਹੁਲ ਨਵੀਂ ਦਿੱਲੀ ਤੋਂ ਦੇਹਰਾਦੂਨ ਹਵਾਈ ਅੱਡੇ ਪਹੁੰਚੇ ਅਤੇ ਉਥੋਂ ਸਿੱਧੇ ਹੀ ਹੈਲੀਕਾਪਟਰ ਰਾਹੀਂ ਕੇਦਾਰਨਾਥ ਲਈ ਰਵਾਨਾ ਹੋ ਗਏ। ਕਾਂਗਰਸ ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਨਿੱਜੀ ਅਤੇ ਅਧਿਆਤਮਕ ਦੌਰਾ ਹੈ ਅਤੇ ਉਹ ਤਿੰਨ ਦਿਨ ਕੇਦਾਰਨਾਥ ਹੀ ਰਹਿਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਨੇ ਇਸ ਤੋਂ ਪਹਿਲਾਂ ਅੰਮ੍ਰਤਿਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ ਸੀ ਅਤੇ ਆਪਣੇ ਦੋ ਦਿਨਾਂ ਦੇ ਦੌਰੇ ਦੌਰਾਨ ਭਾਂਡੇ ਮਾਂਜਣ ਦੀ ਸੇਵਾ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਤਹਤਿ ਰਾਹੁਲ ਗਾਂਧੀ ਵੱਖ-ਵੱਖ ਥਾਵਾਂ ਦੇ ਦੌਰੇ ਕਰ ਰਹੇ ਹਨ। ਰਾਹੁਲ ਗਾਂਧੀ ਪੰਜ ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਚਾਰ ਕਰ ਰਹੇ ਹਨ।

