ਇੰਗਲੈਂਡ,13-02-23(ਪ੍ਰੈਸ ਕੀ ਤਾਕਤ ਬਿਊਰੋ ): ਇੰਗਲੈਂਡ ਤੇ ਵੇਲਸ ਦੀ ਅਦਾਲਤ ਜਾਂ ਟ੍ਰਿਬਿਊਨਲ ’ਚ ਸਿੱਖ ਵਕੀਲਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਲੀਲ ਦਿੱਤੀ ਜਾ ਰਹੀ ਹੈ ਕਿ ਕਿਰਪਾਨ ਲੈ ਕੇ ਕੋਰਟ ’ਚ ਜਾਣਾ ਗ਼ੈਰ ਕਾਨੂੰਨੀ ਹੈ ਤੇ ਇਸ ਤੋਂ ਖ਼ਤਰਾ ਹੋਵੇਗਾ। ਸਿੱਖ ਵਕੀਲ ਜਸਕੀਰਤ ਸਿੰਘ ਗੁਲਸ਼ਨ ਨੇ ਕਿਰਪਾਨ ਨਾਲ ਸਬੰਧਤ ਕੋਰਟ ਤੇ ਟ੍ਰਿਬਿਊਨਲ ਦੀ ਸੁਰੱਖਿਆ ਨੀਤੀ ਦੇ ਇਕ ਮਾਮਲੇ ’ਚ ਚੁਣੌਤੀ ਦਿੱਤੀ ਹੈ, ਜਿਸ ਦੀ ਸੁਣਵਾਈ ਇਸ ਹਫ਼ਤੇ ਲਾਰਡ ਚੀਫ ਜਸਟਿਸ ਤੇ ਕੋਰਟ ਆਫ ਅਪੀਲ ਦੇ ਉਪ ਮੁਖੀ ਨੇ ਕੀਤੀ। ਕੋਰਟ ’ਚ ਪ੍ਰੈਕਟਿਸ ਕਰਨ ਵਾਲੇ ਜਾਂ ਅੰਮ੍ਰਿਤਧਾਰੀ ਸਿੱਖ ਹਰ ਸਮੇਂ ਆਪਣੇ ਨਾਲ ਕਿਰਪਾਨ ਰੱਖਦੇ ਹਨ।
ਈਲਿੰਗ ਮੈਜਿਸਟ੍ਰੇਟ ਕੋਰਟ ’ਚ ਅਪਮਾਨਿਤ ਮਹਿਸੂਸ ਕਰਨ ਤੋਂ ਬਾਅਦ ਗੁਲਸ਼ਨ ਨੇ ਕਾਨੂੰਨੀ ਲੜਾਈ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਨੂੰ 2021 ’ਚ ਆਪਣੀ ਕਿਰਪਾਨ ਹਟਾਉਣ ਤੱਕ ਕੋਰਟ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਉਹ ਅੱਠ ਇੰਚ ਦੀ ਕੁੱਲ ਲੰਬਾਈ ਦੀ ਇਕ ਕਿਰਪਾਨ ਲੈ ਕੇ ਜਾ ਰਹੇ ਸਨ ਜਿਸ ਦੇ ਬਲੇਡ ਦੀ ਲੰਬਾਈ ਚਾਰ ਇੰਚ ਸੀ ਜਿਹੜੀ ਉਨ੍ਹਾਂ ਮੁਤਾਬਕ ਜਾਇਜ਼ ਹੈ।
ਪ੍ਰਚਲਿਤ ਦਿਸ਼ਾ ਨਿਰਦੇਸ਼ਾਂ ਮੁਤਾਬਕ, ਸਿੱਖਾਂ ਨੂੰ ਕੋਰਟ ਜਾਂ ਟ੍ਰਿਬਿਊਨਲ ਭਵਨ ’ਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਹੈ, ਜੇਕਰ ਇਸ ਦੀ ਕੁਲ ਲੰਬਾਈ ਛੇ ਇੰਚ ਤੇ ਬਲੇਡ ਦੀ ਲੰਬਾਈ ਪੰਜ ਇੰਚ ਤੋਂ ਵੱਧ ਨਹੀਂ ਹੈ। ਉੱਥੇ ਹੀ ਗੁਲਸ਼ਨ ਮੁਤਾਬਕ, ਇਹ ਪੈਮਾਨਾ ਸਹੀ ਨਹੀਂ, ਕਿਉਂਕਿ ਚਾਰ ਇੰਚ ਬਲੇਡ ਵਾਲੀ ਕਿਰਪਾਨ ’ਚ ਹੈਂਡਲ ਤੇ ਮਿਆਨ ਲਈ ਦੋ ਇੰਚ ਕਾਫ਼ੀ ਨਹੀਂ ਹੋ ਸਕਦੇ। ਦਿ ਗਾਰਜੀਅਨ ਦੀ ਰਿਪੋਰਟ ਮੁਤਾਬਕ ਗੁਲਸ਼ਨ ਦੇ ਵਕੀਲ ਪਰਮਿੰਦਰ ਸੈਣੀ ਨੇ ਲਾਰਡ ਚੀਫ ਜਸਟਿਸ ਤੇ ਕੋਰਟ ਆਫ ਅਪੀਲ ਦੇ ਉਪ ਮੁਖੀ ਨੂੰ ਦੱਸਿਆ ਕਿ ਇਕ ਸਿੱਖ ਵਕੀਲ ਕੋਰਟ ’ਚ ਪ੍ਰੈਕਟਿਸ ਕਰਨ ਦੀ ਉਮੀਦ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਅਸਰਦਾਰ ਰੂਪ ਨਾਲ ਉਸ ਦੇ ਅਧਿਕਾਰ ਦੀ ਉਲੰਘਣਾ ਕਰਦੇ ਹੋਏ ਅਦਾਲਤ ’ਚ ਪੇਸ਼ ਹੋਣ ਤੋਂ ਰੋਕ ਦਿੱਤਾ ਗਿਆ ਹੈ।

