ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਲੋਕ ਸਭਾ ’ਚੋਂ 49 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੰਸਦ ਸੰਵਿਧਾਨ ਦੀ ਕਬਰ ਬਣ ਚੁੱਕਾ ਹੈ। ਉਨ੍ਹਾਂ ਸੰਸਦ ਦੀ ਅੱਜ ਦੀ ਕਾਰਵਾਈ ਦੀ ਤੁਲਨਾ ਉੱਤਰੀ ਕੋਰੀਆ ਦੇ ਸਦਨ ਨਾਲ ਵੀ ਕੀਤੀ।
ਇਸ ਕਾਰਵਾਈ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ‘ਸੰਵਿਧਾਨ ਦੀ ਕਬਰ ਇੱਥੇ ਦਿਖਾਈ ਦੇ ਰਹੀ ਹੈ।’ ਉਨ੍ਹਾਂ ਸੰਸਦ ਦੇ ਬਾਹਰ ਕਿਹਾ, ‘ਵਿਰੋਧੀ ਧਿਰ ਦੇ ਸੰਸਦ ਮੈਂਬਰ ਜਿਨ੍ਹਾਂ ਦੀ ਜ਼ਿੰਮੇਵਾਰੀ ਸਵਾਲ ਕਰਨਾ ਹੈ, ਨੂੰ ਸਵਾਲ ਕਰਨ ’ਤੇ ਹੀ ਸੰਸਦ ’ਚੋਂ ਬਾਹਰ ਸੁੱਟ ਦਿੱਤਾ ਗਿਆ ਹੈ। ਦੋਖੋ! ਇਹ ਨਵਾਂ ਭਾਰਤ ਹੈ।’ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਸੰਸਦ ਜਲਦੀ ਹੀ ਉੱਤਰੀ ਕੋਰੀਆ ਦੇ ਸਦਨ ਵਾਂਗ ਹੋ ਜਾਵੇਗਾ। ਉਨ੍ਹਾਂ ਕਿਹਾ, ‘ਅਸੀਂ ਉੱਤਰੀ ਕੋਰੀਆ ਦੇ ਸਦਨ ਵਾਂਗ ਬਣਨ ਜਾ ਰਹੇ ਹਾਂ ਅਤੇ ਉੱਥੋਂ ਵਰਗੀ ਇੱਕ ਹੀ ਚੀਜ਼ ਹੋਣੀ ਬਾਕੀ ਹੈ ਤੇ ਉਹ ਪ੍ਰਧਾਨ ਮੰਤਰੀ ਦੇ ਆਉਣ ’ਤੇ ਤਾੜੀਆਂ ਮਾਰਨਾ ਹੈ। ਇਹ ਇੱਕ ਸੰਕੇਤਕ ਸਦਨ ਬਣਨ ਜਾ ਰਿਹਾ ਹੈ।’ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ ਬਹੁਤ ਹੀ ਬੇਇੱਜ਼ਤੀ ਭਰਿਆ ਹੈ।
ਉਨ੍ਹਾਂ ਕਿਹਾ, ‘ਉਨ੍ਹਾਂ (ਸਰਕਾਰ) ਦੀ ਸੰਸਦੀ ਲੋਕਤੰਤਰ ਦਾ ਲੋਕਤੰਤਰੀ ਪ੍ਰਬੰਧ ਕਾਇਮ ਕਰਨ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਦੀ ਇੱਛਾ ਸਿਰਫ਼ ਲੋਕ ਸਭਾ ’ਚੋਂ ਵਿਰੋਧੀ ਧਿਰ ਦਾ ਸਫਾਇਆ ਕਰਨ ਦੀ ਹੈ। ਇਸ ਲਈ ਅਸੀਂ ਅਜਿਹੇ ਹਾਲਾਤ ਮਹਿਸੂਸ ਕਰ ਰਹੇ ਹਾਂ ਜਿੱਥੇ ਸੰਸਦੀ ਲੋਕਤੰਤਰ ਲਈ ਕੋਈ ਸਨਮਾਨ ਨਹੀਂ ਹੈ।’ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੰਸਦ ਪੂਰੀ ਤਰ੍ਹਾਂ ਅਵੈਧ ਹੋ ਚੁੱਕਾ ਹੈ। ਉਨ੍ਹਾਂ ਕਿਹਾ, ‘ਇਹ ਸਭ ਸੰਸਦ ’ਚੋਂ ਸਭ ਤੋਂ ਖਤਰਨਾਕ ਕਾਨੂੰਨ ਪਾਸ ਕਰਨ ਲਈ ਕੀਤਾ ਜਾ ਰਿਹਾ ਹੈ ਜੋ ਦੇਸ਼ ਨੂੰ ਇੱਕ ਪੁਲੀਸ ਸਟੇਟ ਵਿੱਚ ਬਦਲ ਦੇਣਗੇ।’ ਉਹ ਸੰਸਦ ’ਚ ਪੇਸ਼ ਕੀਤੇ ਗਏ ਕਾਨੂੰਨਾਂ ਸਬੰਧੀ ਤਿੰਨ ਨਵੇਂ ਬਿੱਲਾਂ ਦੇ ਸੰਦਰਭ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ, ‘ਇਹ ਉਨ੍ਹਾਂ ਦਾ ਆਪਣੀ ਮਰਜ਼ੀ ਥੋਪਣ ਦਾ ਢੰਗ ਹੈ ਅਤੇ ਜੇਕਰ ਉਹ ਅਗਲੀ ਵਾਰ ਵਾਪਸ ਆਏ ਤਾਂ ਡਾ. ਬੀ.ਆਰ. ਅੰਬੇਡਕਰ ਦਾ ਸੰਵਿਧਾਨ ਖਤਮ ਹੋ ਜਾਵੇਗਾ ਤੇ ਤੁਸੀਂ ਇਸ ਦਰਵਾਜ਼ੇ ਰਾਹੀਂ ਦਾਖਲ ਨਹੀਂ ਹੋ ਸਕੋਗੇ।’

