ਪਹਿਲਾ ਮੈਚ ਗੁਆਉਣ ਤੋਂ ਬਾਅਦ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠਲੀ ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਭਲਕੇ ਸ਼ਨਿਚਰਵਾਰ ਨੂੰ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਉਤਰੇਗੀ ਤਾਂ ਉਸ ਦੇ ਸਾਹਮਣੇ ਲੜੀ ਬਚਾਉਣ ਦੀ ਵੱਡੀ ਚੁਣੌਤੀ ਹੋਵੇਗੀ। ਆਸਟਰੇਲੀਆ ਨੇ ਪਹਿਲੇ ਇੱਕ ਰੋਜ਼ਾ ਮੁਕਾਬਲੇ ਵਿੱਚ ਭਾਰਤ ਨੂੰ ਹਰ ਵਿਭਾਗ ਵਿੱਚ ਪਛਾੜ ਦਿੱਤਾ ਸੀ। ਆਸਟਰੇਲੀਆ ਨੇ ਤਿੰਨ ਓਵਰ ਅਤੇ ਛੇ ਵਿਕਟਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ ਸੀ। ਭਾਰਤ ਦੀ ਆਪਣੀ ਧਰਤੀ ’ਤੇ ਇਹ ਲਗਾਤਾਰ ਅੱਠਵੀਂ ਹਾਰ ਸੀ। ਭਾਰਤ ਨੂੰ ਹੁਣ ਇਹ ਹਾਰ ਭੁੱਲ ਕੇ ਅਗਲੇ ਮੈਚ ਦੀ ਤਿਆਰੀ ਕਰਨੀ ਹੋਵੇਗੀ। ਪਿਛਲੇ 23 ਦਿਨਾਂ ਵਿੱਚ ਸਾਰੇ ਫਾਰਮੈਟਾਂ ਵਿੱਚ ਭਾਰਤ ਦਾ ਇਹ ਸੱਤਵਾਂ ਮੈਚ ਹੈ। ਭਾਰਤੀ ਟੀਮ 35 ਦਿਨਾਂ ਦੇ ਅੰਦਰ 11 ਮੈਚ ਖੇਡ ਰਹੀ ਹੈ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਸਿਹਤ ਖਰਾਬ ਹੋਣ ਕਾਰਨ ਪਹਿਲੇ ਮੈਚ ਤੋਂ ਬਾਹਰ ਹੋਈ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੂਜਾ ਮੈਚ ਖੇਡ ਪਾਉਂਦੀ ਹੈ ਜਾਂ ਨਹੀਂ। ਭਾਰਤੀ ਗੇਂਦਬਾਜ਼ਾਂ ਨੂੰ ਇਸ ਦੌਰੇ ’ਤੇ ਤਿੰਨ ਨੀਮ ਸੈਂਕੜੇ ਜੜਨ ਵਾਲੀ ਆਸਟਰੇਲੀਆ ਦੀ ਉਪ ਕਪਤਾਨ ਟੀ. ਮੈਕਗਰਾਥ ਦੇ ਬੱਲੇ ’ਤੇ ਕਾਬੂ ਰੱਖਣਾ ਪਵੇਗਾ।

