ਚੰਡੀਗੜ੍ਹ, 15 ਮਾਰਚ(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਰੋਹਤਕ ਜ਼ਿਲ੍ਹੇ ਵਿੱਚ ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਇੱਕ ਡਿਵੀਜ਼ਨਲ ਲੇਖਾ ਅਧਿਕਾਰੀ ਨੂੰ ਠੇਕੇਦਾਰਾਂ ਦੇ ਬਿੱਲ ਕਲੀਅਰ ਕਰਨ ਲਈ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਡਿਵੀਜ਼ਨਲ ਲੇਖਾ ਅਧਿਕਾਰੀ ਵਿਜੇ ਕੁਮਾਰ ਸਿੰਘ ਜ਼ਿਲ੍ਹਾ ਬਕਸਰ, ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਵਿੱਚ ਪਬਲਿਕ ਹੈਲਥ ਇੰਜਨੀਅਰਿੰਗ ਵਿਭਾਗ ਵਿੱਚ ਡਿਵੀਜ਼ਨ ਨੰਬਰ 02 ਰੋਹਤਕ ਵਿੱਚ ਕੰਮ ਕਰਦਾ ਸੀ। ਵਿਸ਼ਾਲ ਨਗਰ ਰੋਹਤਕ ਦੇ ਰਹਿਣ ਵਾਲੇ ਸੁੰਦਰ ਸਿੰਘ ਨੇ ਏਸੀਬੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜਨ ਸਿਹਤ ਡਵੀਜ਼ਨ ਨੰਬਰ 2 ਰੋਹਤਕ ਵਿੱਚ ਠੇਕੇਦਾਰ ਵਜੋਂ ਕੰਮ ਕਰਦਾ ਹੈ। ਉਨ੍ਹਾਂ ਨੇ ਸਾਂਪਲਾ ਸਬ-ਡਵੀਜ਼ਨ ਵਿੱਚ ਵਾਟਰ ਸਪਲਾਈ ਦੀ ਲੀਕੇਜ ਅਤੇ ਟਿਊਬਵੈੱਲ ਲਗਾਉਣ ਦਾ ਕੰਮ ਲਿਆ ਸੀ, ਜਿਸ ਦੇ ਬਿੱਲ ਪਾਸ ਕਰਨ ਲਈ ਡਿਵੀਜ਼ਨਲ ਲੇਖਾ ਅਫ਼ਸਰ ਵਿਜੇ ਕੁਮਾਰ ਸਿੰਘ ਕੋਲ ਬਕਾਇਆ ਪਏ ਸਨ। ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ ਬਦਲੇ ਦੋਸ਼ੀ ਅਧਿਕਾਰੀ ਨੇ 22 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਦੇ ਲਈ ਦੋਸ਼ੀ ਨੇ ਪਹਿਲਾਂ ਹੀ 2000 ਰੁਪਏ ਲਏ ਸਨ ਅਤੇ ਹੁਣ 20,000 ਰੁਪਏ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਮਿਲਣ ‘ਤੇ ਤੱਥਾਂ ਦੀ ਪੜਤਾਲ ਕਰਨ ਉਪਰੰਤ ਏ.ਸੀ.ਬੀ. ਦੀ ਟੀਮ ਨੇ ਛਾਪੇਮਾਰੀ ਕਰਕੇ ਦੋਸ਼ੀ ਡਿਵੀਜ਼ਨਲ ਲੇਖਾ ਅਧਿਕਾਰੀ ਵਿਜੇ ਕੁਮਾਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੌਰਾਨ ਉਸ ਕੋਲੋਂ ਰਿਸ਼ਵਤ ਵਜੋਂ ਲਏ 20,000 ਰੁਪਏ ਬਰਾਮਦ ਕਰ ਲਏ ਗਏ ਅਤੇ ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਏ.ਸੀ.ਬੀ. ਥਾਣਾ ਰੋਹਤਕ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।