ਕਸ਼ਮੀਰ ਦੇ ਕਈ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ ਅਤੇ ਪੂਰੀ ਘਾਟੀ ਵਿਚ ਸੀਤ ਲਹਿਰ ਲਗਾਤਾਰ ਜਾਰੀ ਹੈ। ਕਸ਼ਮੀਰ ਇਸ ਸਮੇਂ ‘ਚਿੱਲਈ-ਕਲਾਂ’ ਦੀ ਲਪੇਟ ‘ਚ ਹੈ। ਇਹ 40 ਦਿਨਾਂ ਦੀ ਸਖ਼ਤ ਸਰਦੀ ਦੀ ਮਿਆਦ ਹੈ। ਇਸ ਸਮੇਂ ਦੌਰਾਨ ਖੇਤਰ ਵਿੱਚ ਸੀਤ ਲਹਿਰ ਚਲਦੀ ਹੈ ਅਤੇ ਤਾਪਮਾਨ ਬਹੁਤ ਘੱਟ ਜਾਂਦਾ ਹੈ, ਜਿਸ ਕਾਰਨ ਪ੍ਰਸਿੱਧ ਡਲ ਝੀਲ ਅਤੇ ਹੋਰ ਤਲਾਅ ਤੇ ਝੀਲਾਂ ਜੰਮ ਜਾਂਦੇ ਹਨ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਘਣੀ ਧੁੰਦ ਨੇ ਸ੍ਰੀਨਗਰ ਨੂੰ ਢੱਕਿਆ ਹੋਇਆ ਹੈ ਅਤੇ ਸ਼ਹਿਰ ਵਿੱਚ 50 ਮੀਟਰ ਤੋਂ ਅੱਗੇ ਕੁੱਝ ਨਜ਼ਰ ਨਹੀਂ ਆ ਰਿਹਾ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸਕੀ ਰਿਜ਼ੋਰਟ ਗੁਲਮਰਗ ਵਿੱਚ ਤਾਪਮਾਨ ਮਨਫ਼ੀ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

