-
ਅਮਨ ਅਰੋੜਾ ਨੇ ਕਿਹਾ- ਪੰਜਾਬ ਨੂੰ ਨਵੀਨਤਾ (ਇਨੋਵੇਸ਼ਨ) ਅਧਾਰਤ ਉੱਦਮਾਂ ਲਈ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰਨ ਲਈ ਦੋਹਰੀ ਸ਼ੁਰੂਆਤ।
-
ਇਨਵੈਸਟਰ ਸਰਕਲ ਨਵੀਨਤਾ ਅਤੇ ਨਿਵੇਸ਼ ਵਿਚਕਾਰ ਪਾੜੇ ਨੂੰ ਪੂਰੇਗਾ; ਨਿਊਰੋਨ 2.0 ਐਡਵਾਂਸਡ ਸਕਿਲਿੰਗ ਅਤੇ ਸਾਈਬਰ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰੇਗਾ: ਉਦਯੋਗ ਮੰਤਰੀ।
-
ਪੰਜਾਬ ਵਿੱਚ 2,500 ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪ; 6.8 ਕਰੋੜ ਰੁਪਏ ਦੀ ਸੀਡ ਫੰਡਿੰਗ ਵੰਡੀ ਗਈ: ਅਮਨ ਅਰੋੜਾ।
-
ਲਾਂਚ ਈਵੈਂਟ ਦੌਰਾਨ ਫੰਡਿੰਗ, ਰਣਨੀਤਕ ਮਾਰਗਦਰਸ਼ਨ ਅਤੇ ਲੰਬੇ ਸਮੇਂ ਦੀ ਭਾਈਵਾਲੀ ਲਈ 14 ਸਟਾਰਟਅੱਪਸ ਨੇ ਨਿਵੇਸ਼ਕਾਂ ਸਾਹਮਣੇ ਆਪਣੀ ਪਿੱਚ ਪੇਸ਼ ਕੀਤੀ।
ਚੰਡੀਗੜ੍ਹ/ਐਸ.ਏ.ਐਸ. ਨਗਰ, 9 ਜੁਲਾਈ: (ਪ੍ਰੈੱਸ ਦੀ ਤਾਕਤ)
ਸੂਬੇ ਨੂੰ ਨਵੀਨਤਾ (ਇਨੋਵੇਸ਼ਨ) ਦੇ ਪਾਵਰਹਾਊਸ ਵਿੱਚ ਬਦਲਣ ਦੇ ਇੱਕ ਵੱਡੇ ਯਤਨ ਦੇ ਤਹਿਤ, ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵੀਰਵਾਰ ਨੂੰ ਦੋ ਪ੍ਰਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿੱਚ ‘ਪੰਜਾਬ ਇਨਵੈਸਟਰ ਸਰਕਲ’—ਉੱਚ ਸਮਰੱਥਾ ਵਾਲੇ ਸਟਾਰਟਅੱਪਸ ਨੂੰ ਵੈਂਚਰ ਕੈਪੀਟਲਿਸਟਸ, ਉਦਯੋਗ ਜਗਤ ਦੇ ਆਗੂਆਂ ਅਤੇ ਈਕੋਸਿਸਟਮ ਨੂੰ ਹੁਲਾਰਾ ਦੇਣ ਵਾਲਿਆਂ ਨਾਲ ਜੋੜਨ ਲਈ ਇੱਕ ਸਮਰਪਿਤ ਪਲੇਟਫਾਰਮ, ਅਤੇ ਡੀਪ-ਟੈਕ ਇਨਕਿਊਬੇਸ਼ਨ ਤੇ ਐਡਵਾਂਸਡ ਸਕਿਲਿੰਗ ਨੂੰ ਉਤਸ਼ਾਹਿਤ ਕਰਨ ਲਈ ‘ਸਟਾਰਟਅੱਪ ਪੰਜਾਬ ਹੱਬ – ਨਿਊਰੋਨ 2.0’ ਸ਼ਾਮਲ ਹਨ। ਇਸ ਦੋਹਰੀ ਸ਼ੁਰੂਆਤ ਦਾ ਉਦੇਸ਼ ਪੰਜਾਬ ਨੂੰ ਨਵੀਨਤਾ-ਸੰਚਾਲਿਤ ਉੱਦਮਾਂ ਲਈ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰਨਾ ਹੈ।ਸਟਾਰਟਅੱਪ ਪੰਜਾਬ ਵੱਲੋਂ ਇੱਥੇ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ ਵਿਖੇ ਕਰਵਾਏ ਗਏ ਇਸ ਉਦਘਾਟਨੀ ਸਮਾਗਮ ਵਿੱਚ ਸੂਚਨਾ ਤਕਨਾਲੋਜੀ (IT), ਸਿਹਤ ਸੰਭਾਲ (Healthcare), ਐਗਰੀਟੈਕ, ਮੈਨੂਫੈਕਚਰਿੰਗ ਅਤੇ ਡੀਪ ਟੈਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਦੇ 14 ਨਵੀਨਤਾਕਾਰੀ ਉੱਦਮਾਂ ਵੱਲੋਂ ਪਿਚਿੰਗ ਸੈਸ਼ਨ ਆਯੋਜਿਤ ਕੀਤੇ ਗਏ। ਇਸ ਸਮਾਗਮ ਨੇ ਉੱਦਮੀਆਂ, ਨਿਵੇਸ਼ਕਾਂ ਅਤੇ ਮੈਂਟਰਾਂ ਨੂੰ ਇੱਕ ਮੰਚ ‘ਤੇ ਲਿਆਂਦਾ, ਜਿਸ ਨਾਲ ਸਟਾਰਟਅੱਪਸ ਨੂੰ ਆਪਣੀਆਂ ਵਿਕਾਸ ਯੋਜਨਾਵਾਂ ਪੇਸ਼ ਕਰਨ ਅਤੇ ਫੰਡਿੰਗ, ਰਣਨੀਤਕ ਮਾਰਗਦਰਸ਼ਨ ਤੇ ਲੰਬੇ ਸਮੇਂ ਦੀ ਭਾਈਵਾਲੀ ਦੇ ਮੌਕਿਆਂ ਦੀ ਤਲਾਸ਼ ਕਰਨ ਦਾ ਮੌਕਾ ਮਿਲਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੱਕ ਜੀਵੰਤ ਅਤੇ ਨਵੀਨਤਾ-ਅਧਾਰਤ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ, “ਸਟਾਰਟਅੱਪ ਪੰਜਾਬ ਨੇ ਨੀਤੀਗਤ ਉਤਸ਼ਾਹ, ਸੀਡ ਫੰਡਿੰਗ ਅਤੇ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕੀਤੀ ਹੈ। ਪੰਜਾਬ ਇਨਵੈਸਟਰ ਸਰਕਲ ਦੇ ਨਾਲ, ਹੁਣ ਅਸੀਂ ਨਵੀਨਤਾ ਅਤੇ ਨਿਵੇਸ਼ ਵਿਚਕਾਰ ਮਹੱਤਵਪੂਰਨ ਪਾੜੇ ਨੂੰ ਪੂਰਨ ਲਈ ਇੱਕ ਲੰਬੇ ਸਮੇਂ ਦਾ ਸੰਸਥਾਗਤ ਪਲੇਟਫਾਰਮ ਤਿਆਰ ਕਰ ਰਹੇ ਹਾਂ। ਸਰਕਾਰ ਇੱਕ ਸਹਾਇਕ ਈਕੋਸਿਸਟਮ ਬਣਾ ਸਕਦੀ ਹੈ, ਪਰ ਟਿਕਾਊ ਵਿਕਾਸ ਲਈ ਨਿਵੇਸ਼ਕਾਂ ਨਾਲ ਮਜ਼ਬੂਤ ਭਾਈਵਾਲੀ ਦੀ ਲੋੜ ਹੁੰਦੀ ਹੈ।”
ਸ਼੍ਰੀ ਅਮਨ ਅਰੋੜਾ ਨੇ ਸੂਬੇ ਦੇ ਤੇਜ਼ੀ ਨਾਲ ਵਧ ਰਹੇ ਸਟਾਰਟਅੱਪ ਦ੍ਰਿਸ਼ ‘ਤੇ ਚਾਨਣਾ ਪਾਉਂਦਿਆਂ ਖੁਲਾਸਾ ਕੀਤਾ ਕਿ ਪੰਜਾਬ ਹੁਣ 2,500 ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪਸ ਦਾ ਘਰ ਹੈ। ਉਨ੍ਹਾਂ ਦੱਸਿਆ ਕਿ ਸਟਾਰਟਅੱਪ ਪੰਜਾਬ ਨੇ 6.8 ਕਰੋੜ ਰੁਪਏ ਤੋਂ ਵੱਧ ਦੀ ਸੀਡ ਫੰਡਿੰਗ ਰਾਹੀਂ 222 ਤੋਂ ਵੱਧ ਸਟਾਰਟਅੱਪਸ ਦੀ ਮਦਦ ਕੀਤੀ ਹੈ। ਸੂਬੇ ਦੇ ਸਮਾਵੇਸ਼ੀ ਵਿਕਾਸ ਦੇ ਸਬੂਤ ਵਜੋਂ, ਇਨ੍ਹਾਂ ਮਾਨਤਾ ਪ੍ਰਾਪਤ ਸਟਾਰਟਅੱਪਸ ਵਿੱਚੋਂ ਲਗਭਗ ਅੱਧੇ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਡਾਇਰੈਕਟਰ ਹੈ, ਜੋ ਪੰਜਾਬ ਦੇ ਆਰਥਿਕ ਖੇਤਰ ਵਿੱਚ ਮਹਿਲਾ ਉੱਦਮੀਆਂ ਦੇ ਵਧ ਰਹੇ ਮਹੱਤਵ ਨੂੰ ਦਰਸਾਉਂਦਾ ਹੈ।
ਉਦਯੋਗ ਮੰਤਰੀ ਨੇ ਪਹਿਲੇ ਪ੍ਰੋਗਰਾਮ ਦੇ ਅਪਗ੍ਰੇਡ ਕੀਤੇ ਸੰਸਕਰਣ ‘ਸਟਾਰਟਅੱਪ ਪੰਜਾਬ ਹੱਬ – ਨਿਊਰੋਨ 2.0’ ਦਾ ਵੀ ਪਰਦਾਫਾਸ਼ ਕੀਤਾ। ਉਨ੍ਹਾਂ ਕਿਹਾ ਕਿ ਮੂਲ ਨਿਊਰੋਨ ਪਹਿਲਕਦਮੀ ਨੇ 114 ਟੈਕ ਸਟਾਰਟਅੱਪਸ ਨੂੰ ਇਨਕਿਊਬੇਟ ਕੀਤਾ ਸੀ, 67 ਬੌਧਿਕ ਸੰਪਤੀ (IP) ਫਾਈਲਿੰਗ ਦੀ ਸਹੂਲਤ ਦਿੱਤੀ ਸੀ, ਲਗਭਗ 2,700 ਨੌਕਰੀਆਂ ਪੈਦਾ ਕੀਤੀਆਂ ਸਨ ਅਤੇ ਸਟਾਰਟਅੱਪਸ ਨੂੰ ਲਗਭਗ 890 ਕਰੋੜ ਰੁਪਏ ਦਾ ਕੁੱਲ ਮੁਲਾਂਕਣ (ਵੈਲਯੂਏਸ਼ਨ) ਹਾਸਲ ਕਰਨ ਵਿੱਚ ਮਦਦ ਕੀਤੀ ਸੀ। ਨਵਾਂ ਸੰਸਕਰਣ, ਨਿਊਰੋਨ 2.0 ਇੱਕ ਸਮਰਪਿਤ ਸਾਈਬਰ ਸੁਰੱਖਿਆ ਲੈਬ ਅਤੇ ਅਤਿ-ਆਧੁਨਿਕ ਹੁਨਰ ਬੁਨਿਆਦੀ ਢਾਂਚੇ (ਸਟੇਟ-ਆਫ-ਦੀ-ਆਰਟ ਸਕਿਲਿੰਗ ਇਨਫਰਾਸਟਰੱਕਚਰ) ਦੀ ਸਥਾਪਨਾ ਨਾਲ ਇਸ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਰੱਖਦਾ ਹੈ।ਇਸ ਸਮਾਗਮ ਵਿੱਚ ਸਟਾਰਟਅੱਪਸ, ਨਿਵੇਸ਼ਕਾਂ ਅਤੇ ਮੈਂਟਰਾਂ ਵਿਚਕਾਰ ਗੰਭੀਰ ਨੈੱਟਵਰਕਿੰਗ ਸੈਸ਼ਨ ਵੀ ਦੇਖੇ ਗਏ, ਜਿਸ ਨਾਲ ਭਵਿੱਖ ਦੇ ਨਿਵੇਸ਼ਾਂ ਅਤੇ ਰਣਨੀਤਕ ਸਹਿਯੋਗ ਦਾ ਰਾਹ ਪੱਧਰਾ ਹੋਇਆ। ਇਨ੍ਹਾਂ ਦੋਵਾਂ ਪਹਿਲਕਦਮੀਆਂ ਦੀ ਸ਼ੁਰੂਆਤ ਨਾਲ, ਪੰਜਾਬ ਸਰਕਾਰ ਨੇ ਸੂਬੇ ਨੂੰ ਸਟਾਰਟਅੱਪਸ ਅਤੇ ਨਵੀਨਤਾ-ਸੰਚਾਲਿਤ ਉੱਦਮਾਂ ਲਈ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ।ਇਸ ਮੌਕੇ ਪ੍ਰਬੰਧਕੀ ਸਕੱਤਰ ਉਦਯੋਗ ਅਤੇ ਵਣਜ ਸ਼੍ਰੀ ਗੁਰਕੀਰਤ ਕਿਰਪਾਲ ਸਿੰਘ, ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ਼੍ਰੀਮਤੀ ਸੀਮਾ ਬਾਂਸਲ, ਸੀਈਓ ਇਨਵੈਸਟ ਪੰਜਾਬ ਸ਼੍ਰੀ ਅਮਿਤ ਢਾਕਾ, ਡਾਇਰੈਕਟਰ ਸ਼੍ਰੀ ਜਸਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
#AmanArora, #PunjabInvestorCircle, #Neuron2, #PunjabStartups, #StartupPunjab, #InvestmentInPunjab, #StartupGrowth, #InnovationPunjab, #TechStartups, #PunjabGovernment, #PunjabProgress, #DigitalPunjab, #InvestInPunjab

