ਕਾਂਗਰਸ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰਨ ਵਿਚ ਦੇਰ ਬਾਰੇ ਭਾਜਪਾ ‘ਤੇ ਵਿਅੰਗ ਕਰਦਿਆਂ ਕਿਹਾ ਕਿ ਤਿੰਨ ਦਿਨ ਬੀਤਣ ਦੇ ਬਾਵਜੂਦ ਪਾਰਟੀ ਇਨ੍ਹਾਂ ਰਾਜਾਂ ਵਿੱਚ ਨਾਵਾਂ ਦਾ ਫੈਸਲਾ ਨਹੀਂ ਕਰ ਸਕੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਇਸ ਦੇਰ ਲਈ ਭਾਜਪਾ ਤੋਂ ਸਵਾਲ ਕਿਉਂ ਨਹੀਂ ਪੁੱਛੇ ਜਾ ਰਹੇ, ਜਦੋਂ ਕਿ 24 ਘੰਟਿਆਂ ਦੇ ਅੰਦਰ ਹੀ ਕਾਂਗਰਸ ਤੋਂ ਅਜਿਹੇ ਸਵਾਲ ਪੁੱਛੇ ਜਾਂਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ, ‘ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਆਏ ਸਨ। 24 ਘੰਟਿਆਂ ਦੇ ਅੰਦਰ ਤਿਲੰਗਾਨਾ ਦੇ ਮੁੱਖ ਮੰਤਰੀ ਦੀ ਨਿਯੁਕਤੀ ਵਿੱਚ ਅਖੌਤੀ ਦੇਰੀ ਲਈ ਮੀਡੀਆ ਵਿੱਚ ਕਾਂਗਰਸ ਦੀ ਹਰ ਪਾਸੇ ਆਲੋਚਨਾ ਹੋ ਰਹੀ ਸੀ। ਸਾਡੇ ਮੁੱਖ ਮੰਤਰੀ ਦਾ ਐਲਾਨ ਬੀਤੇ ਦਿਨ ਹੋ ਗਿਆ ਹੈ ਅਤੇ ਉਹ ਅੱਜ ਸਹੁੰ ਚੁੱਕ ਰਹੇ ਹਨ। ਤਿੰਨ ਦਿਨ ਬੀਤਣ ਤੋਂ ਬਾਅਦ ਵੀ ਭਾਜਪਾ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਲਈ ਆਪਣੇ ਮੁੱਖ ਮੰਤਰੀਆਂ ਦਾ ਐਲਾਨ ਨਹੀਂ ਕਰ ਸਕੀ ਹੈ। ਇਸ ਬਾਰੇ ਸੁਆਲ ਭਾਜਪਾ ਸਾਹਮਣੇ ਉਸੇ ਚਿੰਤਾ ਅਤੇ ਪ੍ਰਮੁੱਖਤਾ ਨਾਲ ਕਿਉਂ ਨਹੀਂ ਉਠਾਇਆ ਜਾ ਰਿਹਾ ਹੈ, ਜਿਵੇਂ ਕਾਂਗਰਸ ਕੋਲ ਚੁੱਕੇ ਜਾ ਰਹੇ ਸਨ। ਕੀ ਸੱਚਮੁੱਚ ਦੇਰ ਨਹੀਂ ਹੋ ਰਹੀ?’