ਐਸ.ਏ.ਐਸ. ਨਗਰ, 14 ਜਨਵਰੀ( (ਪ੍ਰੈਸ ਕੀ ਤਾਕਤ)- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਇੱਕ ਭ੍ਰਿਸ਼ਟਾਚਾਰ ਮੁਕਤ ਕੈਬਨਿਟ ਦੇਣ ਵਿੱਚ ਫੇਲ੍ਹ ਰਹੇ ਹਨ, ਉਹਨਾਂ ਲਈ ਸਰਕਾਰ ਚਲਾਉਣਾ ਤਾਂ ਦੂਰ ਦੀ ਗੱਲ ਹੈ। ਸਿੱਧੂ ਨੇ ਕਿਹਾ ਪੰਜਾਬ ਵਿੱਚ ਆਪ ਸਰਕਾਰ ਦਾ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਅਤੇ ਦੋ ਕੈਬਨਿਟ ਮੰਤਰੀਆਂ ਨੂੰ ਮਜਬੂਰਨ ਬਾਹਰ ਦਾ ਰਸਤਾ ਦੇਖਣਾ ਪੈ ਗਿਆ ਹੈ।
ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਹ ਫੈਸਲਾ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ ਜਦੋਂ ਆਡੀਓ ਟੇਪਾਂ ਵਾਇਰਲ ਹੋ ਰਹੀਆਂ ਸੀ। ਭ੍ਰਿਸ਼ਟਾਚਾਰ ਦਾ ਮਾਮਲਾ ਅਸਤੀਫ਼ੇ ਨਾਲ ਹੀ ਖ਼ਤਮ ਨਹੀਂ ਹੁੰਦਾ। ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਇਸ ਮਾਮਲੇ ਉੱਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਮੇਰੀ ਮੰਗ ਹੈ ਕਿ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ। ਜਿਸ ਨਾਲ ਲੋਕਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਸਕੇ।
ਸਿੱਧੂ ਨੇ ਤੰਜ ਕੱਸਦੇ ਕਿਹਾ ਕਿ ਸਰਾਰੀ ਦੀ ਥਾਂ ਤੇ ਲਾਏ ਗਏ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਬੇਲ ਉਤੇ ਬਾਹਰ ਹਨ। ਇਕ ਮਾਮਲੇ ਵਿੱਚ ਕੋਰਟ ਵਲੋਂ ਡਾਕਟਰ ਬਲਬੀਰ ਸਿੰਘ ਨੂੰ 3 ਸਾਲ ਦੀ ਸਖਤ ਸਜ਼ਾ ਸੁਣਾਈ ਹੋਈ ਹੈ। ਸਿੱਧੂ ਨੇ ਆਖਿਆ ਕਿ ਭਗਵੰਤ ਮਾਨ ਨੂੰ ਆਪਣੀਆਂ ਪੁਰਾਣੀ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ, ਪਰ ਪਤਾ ਨਹੀਂ ਕਿਸ ਦੇ ਦਬਾਅ ਹੇਠ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ। ਇਸ ਤਰ੍ਹਾਂ ਦੇ ਫੈਸਲੇ ਪੰਜਾਬ ਨੂੰ ਵਿਕਾਸ ਦੇ ਰਸਤੇ ਤੋਂ ਦੂਰ ਲੈ ਕੇ ਜਾ ਰਹੇ ਹਨ।
ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਕੇ ਭਾਰੀ ਮਤਾਂ ਨਾਲ ਕਾਮਯਾਬ ਬਣਾਇਆ ਸੀ ਪਰ ਪੰਜਾਬ ਦੇ ਲੋਕਾਂ ਹੱਥ ਮਾਯੂਸੀ ਹੀ ਆਈ ਹੈ। ਆਪ ਸਰਕਾਰ ਹਰ ਮੋੜ ਉੱਤੇ ਪੰਜਾਬ ਦੇ ਲੋਕਾਂ ਨਾਲ ਵਾਅਦਾਖਿਲਾਫੀ ਕਰਦੀ ਆਈ ਹੈ। ਮੈਨੂੰ ਯਕੀਨ ਹੈ ਆਉਣ ਵਾਲੇ ਸਮੇੰ ਵਿੱਚ ਆਪ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਖਤ ਸਾਹਮਣਾ ਕਰਨਾ ਪਵੇਗਾ।
