ਅਦਾਕਾਰਾ ਸੋਨਾਲੀ ਬੇਂਦਰੇ ਨਵੇਂ ਸਾਲ ਮੌਕੇ ਆਪਣੇ ਪਤੀ ਗੋਲਡੀ ਬਹਿਲ ਅਤੇ ਪੁੱਤਰ ਰਣਵੀਰ ਨਾਲ ਹਰਿਦੁਆਰ ਵਿਖੇ ਗੰਗਾ ਆਰਤੀ ਵਿੱਚ ਸ਼ਾਮਲ ਹੋਈ। ਇਸ ਮੌਕੇ ਦੀਆਂ ਕੁਝ ਤਸਵੀਰਾਂ ਅਦਾਕਾਰਾ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਸੋਨਾਲੀ ਅਕਸਰ ਇੰਸਟਾਗ੍ਰਾਮ ’ਤੇ ਆਪਣੇ 44 ਲੱਖ ਪ੍ਰਸ਼ੰਸਕਾਂ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਦੀਆਂ ਤਸਵੀਰਾਂ ਵਿੱਚ ਅਦਾਕਾਰਾ ਹਰਿਦੁਆਰ ਵਿੱਚ ਆਪਣੇ ਪਰਿਵਾਰ ਨਾਲ ਕੇਬਲ ਕਾਰ ਅਤੇ ਰਿਕਸ਼ਾ ਦੀ ਸਵਾਰੀ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਹਰੇ ਰੰਗ ਦਾ ਸਲਵਾਰ ਸੂਟ ਤੇ ਜਾਮਣੀ ਰੰਗ ਦੀ ਜੈਕਟ ਪਾਈ ਹੋਈ ਹੈ। ਇਸ ਪੋਸਟ ਨਾਲ ਸੋਨਾਲੀ ਨੇ ਲਿਖਿਆ ਹੈ, ‘ਈ-ਰਿਕਸ਼ਾ ਤੇ ਕੇਬਲ ਕਾਰ ਦੀ ਸਵਾਰੀ…ਹਰਿਦੁਆਰ ਵਿੱਚ ਗੰਗਾ ਆਰਤੀ ਨਾਲ ਇੱਕ ਸੁਹਾਵਣਾ ਦਿਨ।’ ਜ਼ਿਕਰਯੋਗ ਹੈ ਕਿ ਸੋਨਾਲੀ ਪਹਿਲੀ ਵਾਰ ਗੋਲਡੀ ਬਹਿਲ ਨੂੰ ਫਿਲਮ ‘ਨਾਰਾਜ਼’ ਦੇ ਸੈੱਟ ’ਤੇ ਮਿਲੀ ਸੀ, ਜਿਸ ਮਗਰੋਂ ਨਵੰਬਰ 2002 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਆਖਰੀ ਵਾਰ ਸੋਨਾਲੀ ਸੀਰੀਜ਼ ‘ਦਿ ਬ੍ਰੋਕਨ ਨਿਊਜ਼’ ਵਿੱਚ ਦਿਖਾਈ ਦਿੱਤੀ ਸੀ।