ਨੂਹ ਹਿੰਸਾ ਦੇ ਮੁੱਖ ਦੋਸ਼ੀ ਅਤੇ ਗਊ ਰੱਖਿਆ ਬਜਰੰਗ ਫੋਰਸ ਦੇ ਪ੍ਰਧਾਨ ਬਿੱਟੂ ਬਜਰੰਗੀ ਦੇ ਭਰਾ ਮਹੇਸ਼ ਪੰਚਾਲ ਨੂੰ ਅੱਗ ਲਾ ਕੇ ਸਾੜਨ ਦੇ ਮਾਮਲੇ ’ਚ ਪੁਲੀਸ ਨੇ ਏਸੀਪੀ ਕ੍ਰਾਈਮ ਅਮਨ ਯਾਦਵ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਸਿਟ ਦੇ ਮੈਂਬਰਾਂ ’ਚ ਥਾਣਾ ਸਾਰਨ ਦੇ ਮੁਖੀ, ਇੰਚਾਰਜ ਚੌਕੀ ਪਾਰਵਰਤੀਆ ਕਾਲੋਨੀ ਅਤੇ ਅਪਰਾਧ ਸ਼ਾਖਾ ਸੈਕਟਰ-48 ਦੇ ਇੰਚਾਰਜ ਸ਼ਾਮਲ ਹਨ। ਪੁਲੀਸ ਮੁਤਾਬਕ ਅੱਗ ਲੱਗਣ ਕਾਰਨ ਮਹੇਸ਼ 54 ਫ਼ੀਸਦੀ ਝੁਲਸਿਆ ਗਿਆ ਹੈ ਅਤੇ ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜੁਡੀਸ਼ਲ ਮੈਜਿਸਟਰੇਟ ਨੇ ਸੀਆਰਪੀਸੀ ਦੀ ਧਾਰਾ 164 ਤਹਿਤ ਪੀੜਤ ਮਹੇਸ਼ ਦੇ ਬਿਆਨ ਲਏ ਹਨ ਅਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲੀਸ ਮੁਤਾਬਕ ਮਹੇਸ਼ ਪੰਚਾਲ ਉੱਤੇ ਬੁੱਧਵਾਰ ਰਾਤ ਛੇ ਤੋਂ ਸੱਤ ਜਣਿਆਂ ਨੇ ਬਾਬਾ ਮੰਡੀ ਦੇ ਚਾਚਾ ਚੌਕ ’ਚ ਹਮਲਾ ਕਰਦਿਆਂ ਅੱਗ ਲਾ ਦਿੱਤੀ ਸੀ। ਹਸਪਤਾਲ ਪੁੱਜੀ ਪੁਲੀਸ ਟੀਮ ਨੂੰ ਮਹੇਸ਼ ਨੇ ਦੱਸਿਆ ਕਿ ਉਸ ਨੇ ਹਮਲਾਵਰਾਂ ’ਚੋਂ ਇੱਕ ਅਰਮਾਨ ਨਾਮ ਦੇ ਵਿਅਕਤੀ ਨੂੰ ਪਛਾਣ ਲਿਆ ਹੈ, ਜਿਸ ਦੀ ਪਹਿਲਾਂ ਬਾਬਾ ਮੰਡੀ ਵਿੱਚ ਜੂਸ ਦੀ ਦੁਕਾਨ ਹੁੰਦੀ ਸੀ। ਪੁਲੀਸ ਬੁਲਾਰੇ ਨੇ ਦੱਸਿਆ ਕਿ ਵਿਗਿਆਨਕ ਅਤੇ ਤਕਨੀਕੀ ਸਬੂਤਾਂ ਦੇ ਆਧਾਰ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਉਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

