ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕਿਹਾ ਕਿ ਜਰਮਨੀ ਭਾਰਤੀਆਂ ਨੂੰ ਨੌਕਰੀਆਂ ਦੇਣਾ ਚਾਹੁੰਦਾ ਹੈ। ਪਰ ਸਿਰਫ਼ ਇੱਕ ਸ਼ਰਤ ਹੈ ਕਿ ਸਾਨੂੰ ਹੁਨਰਮੰਦ ਮੈਨਪਾਵਰ ਦੀ ਲੋੜ ਹੈ। ਸਾਡੇ ਕੋਲ ਨੌਕਰੀ ਦੇ ਬਹੁਤ ਮੌਕੇ ਹਨ। ਸਾਡੀ ਸਰਕਾਰ ਭਾਰਤੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਲਈ ਕਈ ਪੇਸ਼ਕਸ਼ਾਂ ਦੇ ਰਹੀ ਹੈ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਮਹਾਰਾਸ਼ਟਰ ਨਾਲ ਇਕ ਸਮਝੌਤਾ ਹੋਇਆ ਸੀ ਜਿਸ ਤਹਿਤ 20,000 ਡਰਾਈਵਰਾਂ ਨੂੰ ਜਰਮਨੀ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਦੀ ਤਨਖਾਹ 2.5 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ।
‘ਏਸ਼ੀਆ ਪੈਸੀਫਿਕ ਕਾਨਫਰੰਸ ਆਫ ਜਰਮਨ ਬਿਜ਼ਨਸ’ ਦੀ 18ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਲਾਫ ਸਕੋਲਜ਼ ਨੇ ਕਿਹਾ, ਸਾਡੀ ਸਰਕਾਰ ਨੇ ਹਾਲ ਹੀ ਵਿੱਚ ਹੁਨਰਮੰਦ ਭਾਰਤੀ ਕਾਮਿਆਂ ਨੂੰ ਜਰਮਨੀ ਵਿੱਚ ਸੱਦਣ ਲਈ ਨਵੀਂ ਰਣਨੀਤੀ ਬਣਾਈ ਹੈ। ਅੱਜ ਸਾਡੀਆਂ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਹਨ। ਪਿਛਲੇ ਸਾਲ ਹੀ ਜਰਮਨੀ ਵਿਚ ਕੰਮ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ 23,000 ਦਾ ਵਾਧਾ ਹੋਇਆ ਹੈ। ਇਸ ਮੈਨਪਾਵਰ ਦਾ ਸਾਡੇ ਬਾਜ਼ਾਰ ਵਿੱਚ ਸਵਾਗਤ ਹੈ। ਸਕੋਲਜ਼ ਨੇ ਕਿਹਾ, ਜਰਮਨੀ ਆਪਣੀ ਵੀਜ਼ਾ ਪ੍ਰਕਿਰਿਆ ਨੂੰ ਡਿਜੀਟਲ ਕਰ ਰਿਹਾ ਹੈ, ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਿਹਾ ਹੈ, ਤਾਂ ਜੋ ਭਾਰਤੀਆਂ ਨੂੰ ਵੱਧ ਤੋਂ ਵੱਧ ਮੌਕੇ ਮਿਲ ਸਕਣ।
ਸਕੋਲਜ਼ ਨੇ ਕਿਹਾ, ਅਸੀਂ ਇਮੀਗ੍ਰੇਸ਼ਨ ਨੂੰ ਘਟਾ ਰਹੇ ਹਾਂ ਅਤੇ ਉਨ੍ਹਾਂ ਲੋਕਾਂ ਨੂੰ ਛੱਡਣ ਲਈ ਕਹਿ ਰਹੇ ਹਾਂ ਜਿਨ੍ਹਾਂ ਨੂੰ ਸਾਡੇ ਦੇਸ਼ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਪ੍ਰਦਾਨ ਕਰ ਰਹੇ ਹਾਂ, ਤਾਂ ਜੋ ਉਹ ਚਲੇ ਜਾਣ। ਸਾਡਾ ਸੰਦੇਸ਼ ਸਿਰਫ ਇਹ ਹੈ ਕਿ ਜਰਮਨੀ ਹਮੇਸ਼ਾ ਹੁਨਰਮੰਦ ਮਨੁੱਖੀ ਸ਼ਕਤੀ ਲਈ ਖੁੱਲ੍ਹਾ ਹੈ। ਅਸੀਂ ਹਰ ਪਲ ਉਨ੍ਹਾਂ ਦਾ ਸੁਆਗਤ ਕਰਨ ਲਈ ਤਿਆਰ ਹਾਂ। ਹਾਲਾਂਕਿ, ਅਸੀਂ ਫੈਸਲਾ ਕਰਾਂਗੇ ਕਿ ਕਿਸ ਨੂੰ ਜਰਮਨੀ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕਿਸ ਨੂੰ ਨਹੀਂ।

