ਡਾ ਗੁਰਚਰਨ ਕੌਰ ਕੋਚਰ ਨੂੰ ਮਿਲੇਗਾ ‘ਕਰਨਲ ਭੱਠਲ ਕਲਾਕਾਰ ਪੁਰਸਕਾਰ,
ਜ਼ੀਰਾ 25 ਅਕਤੂਬਰ (ਅੰਗਰੇਜ਼ ਬਰਾੜ )- ਪੰਜਾਬੀ ਮੈਗਜ਼ੀਨ ‘ਕਲਾਕਾਰ’ ਦੇ ਸੰਪਾਦਕ ਅਤੇ ਕਰਨਲ ਭੱਠਲ ਕਲਾਕਾਰ ਪੁਰਸਕਾਰ ਬੋਰਡ ਦੇ ਕਨਵੀਨਰ ਕਮਲਜੀਤ ਭੱਠਲ ਦੀ ਪ੍ਰਧਾਨਗੀ ਹੇਠ ਬੋਰਡ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸਾਲ 2024 ਦਾ “ਕਰਨਲ ਭੱਠਲ ਕਲਾਕਾਰ ਪੁਰਸਕਾਰ” ਪੰਜਾਬੀ ਦੀ ਉੱਘੀ ਸ਼ਾਇਰਾ, ਨੈਸ਼ਨਲ ਤੇ ਸਟੇਟ ਐਵਾਰਡੀ ਡਾ ਗੁਰਚਰਨ ਕੌਰ ਕੋਚਰ (ਲੁਧਿਆਣਾ) ਨੂੰ ਦੇਣ ਦਾ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ। ਕਨਵੀਨਰ ਨੇ ਦੱਸਿਆ ਕਿ ਡਾ ਕੋਚਰ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦੇ ਆ ਰਹੇ ਹਨ। ਉਹਨਾਂ ਦੀਆਂ ਹੁਣ ਤੱਕ 16 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਪੁਰਸਕਾਰ ਇਸੇ ਸਾਲ ਤਿੰਨ ਨਵੰਬਰ ਨੂੰ ਇੱਕ ਸਾਹਿਤਕ ਸਮਾਗਮ ਵਿੱਚ ਦਿੱਤਾ ਜਾਵੇਗਾ, ਜਿਸ ਵਿੱਚ ਇੱਕੀ ਹਜ਼ਾਰ ਦੀ ਨਕਦ ਰਾਸ਼ੀ, ਦੁਸ਼ਾਲਾ ਅਤੇ ਕਿਤਾਬਾਂ ਦਾ ਸੈਟ ਸ਼ਾਮਿਲ ਹੋਵੇਗਾ।