ਚੰਡੀਗੜ/ਮੋਹਾਲੀ, 8 ਫਰਵਰੀ : ਵਰਸ਼ਾ / ਅਸ਼ੋਕ ਵਰਮਾ – 82 ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਪੰਜਾਬ ਸਿਖਲਾਈ ਕੈਂਪ ਮੁਹਾਲੀ ਦੇ ਸੈਕਟਰ-78 ਸਟੇਡੀਅਮ ਵਿਖੇ ਸ਼ੁਰੂ ਹੋ ਰਿਹਾ ਹੈ।
ਇਸ ਦਸ ਰੋਜਾ ਕੈਂਪ ਦਾ ਉਦਘਾਟਨ ਐਤਵਾਰ ਨੂੰ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕੀਤਾ ਜੋ ਕਿ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਇਸ ਕੈਂਪ ਦੌਰਾਨ ਸੀਨੀਅਰ ਨੈਸ਼ਨਲਸ ਲਈ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ 14 ਫਰਵਰੀ ਨੂੰ ਹੋਣ ਵਾਲੇ ਕੌਮੀ ਚੈਂਪੀਅਨਸ਼ਿਪ ਲਈ ਤਿਆਰ ਕੀਤਾ ਜਾਵੇਗਾ।
ਨੈਸਨਲ ਕੋਚ ਐਨ ਰਵੀਚੰਦਰਨ ਨੇ ਕਿਹਾ ਕਿ ਪੰਜਾਬ ਦੀ ਦੋਵਾਂ ਪੰਜ ਮੈਂਬਰੀ ਪੁਰਸ਼ ਅਤੇ ਮਹਿਲਾ ਟੀਮਾਂ ਲਈ ਸਿਖਲਾਈ ਸੈਸ਼ਨ ਰੋਜਾਨਾ ਦੋ ਅਭਿਆਸ ਸੈਸ਼ਨਾਂ ਵਿੱਚ ਕਰਵਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਰੋਜ਼ਾਨਾ ਸਵੇਰ ਦਾ ਸਮਾਂ 7 ਤੋਂ 9 ਵਜੇ ਅਤੇ ਸ਼ਾਮ 4 ਤੋਂ 7 ਵਜੇ ਤੱਕ ਹੋਵੇਗਾ। ਸੀਨੀਅਰ ਕੌਮੀ ਚੈਂਪੀਅਨਸ਼ਿਪ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ 14 ਤੋਂ 23 ਫਰਵਰੀ ਤੱਕ ਹੋਵੇਗੀ।
ਪੰਜਾਬ ਦੇ ਕੋਚ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਸਟੇਟ ਵੂਮੈਨ ਚੈਂਪੀਅਨ ਨੇਹਾ ਅਤੇ ਸਟੇਟ ਮੈਨ ਚੈਂਪੀਅਨ ਹਿਤੇਸ ਡੋਗਰਾ ਸਮੇਤ ਦਸ ਖਿਡਾਰੀ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਮਹਿਲਾ ਟੀਮ ਵਿਚ ਪ੍ਰਬਸਿਮਰਨ, ਪ੍ਰਗਤੀ, ਅਨਨਯਾ, ਆਯੁਸ਼ੀ ਅਤੇ ਪੁਰਸ਼ ਟੀਮ ਵਿਚ ਕਾਰਤਿਕ, ਨਿਖਿਲ, ਨਮਨ, ਰੱਖਸ਼ਿਤ ਕੈਂਪ ਵਿੱਚ ਸ਼ਾਮਲ ਹੋਣਗੇ।