* ਪਰਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਬਰਨਾਲਾ, 22 ਮਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਨਾਲਾ ਤੋਂ ਵੱਖ ਵੱਖ ਪਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਰਾਜਾਂ ਵਿਚ ਭੇਜਣ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਲਗਭਗ ਰੋਜ਼ਾਨਾ ਪੱਧਰ ’ਤੇ ਫਿਰੋਜ਼ਪੁਰ ਜਾਂ ਪਟਿਆਲਾ ਬੱਸਾਂ ਰਾਹੀਂ ਭੇਜਿਆ ਜਾ ਰਿਹਾ ਹੈ, ਜਿੱਥੋਂ ਉਨ੍ਹਾਂ ਰੇਲ ਗੱਡੀਆਂ ਰਾਹੀਂ ਅੱਗੇ ਭੇਜਿਆ ਜਾ ਰਿਹਾ ਹੈ।
ਇਸ ਦੌਰਾਨ ਅੱਜ ਸਵੇਰੇ 6 ਬੱਸਾਂ ਰਾਹੀਂ 146 ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅਚਨਚੇਤੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਪਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪਰਵਾਸੀਆਂ ਨੂੰ ਉਨ੍ਹਾਂ ਨਾਲ ਸਬੰਧਤ ਰਾਜਾਂ ਵਿਖੇ ਭੇਜਣ ਦੀ ਲੜੀ ਤਹਿਤ ਅੱਜ ਪਰਵਾਸੀ ਮਜ਼ਦੂਰ ਭੇਜੇ ਗਏ ਹਨ। ਅੱਜ ਗਰੈਂਡ ਕੈਸਲ ਰਿਜ਼ੋਰਟ ਤੋਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀਆਂ 4 ਬੱਸਾਂ ਨੂੰ ਫਿਰੋਜ਼ਪੁਰ ਅਤੇ 2 ਬੱਸਾਂ ਨੂੰ ਪਟਿਆਲਾ ਭੇਜਿਆ ਗਿਆ ਹੈ, ਜਿੱਥੋਂ ਇਹ ਰੇਲਗੱਡੀਆਂ ਰਾਹੀਂ ਪਿੱਤਰੀ ਸੂਬੇ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਵਾਸੀਆਂ ਦੀ ਸਕਰੀਨਿੰਗ ਕਰਵਾ ਕੇ ਇਨ੍ਹਾਂ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਖਾਣਾ ਆਦਿ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਲਗਭਗ ਰੋਜ਼ਾਨਾ ਪੱਧਰ ’ਤੇ ਇਹ ਮਜ਼ਦੂਰ ਪਿੱਤਰੀ ਰਾਜਾਂ ਨੂੰ ਭੇਜੇ ਜਾ ਰਹੇ ਹਨ ਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਕਿਸੇ ਪਰਵਾਸੀ ਮਜ਼ਦੂਰ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।