
ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਹਰ ਪਾਸੇ ਭਾਵੇਂ ਨਿਰਾਸ਼ਾ ਦਾ ਮਾਹੌਲ ਹੈ ਪਰ ਕੋਰੋਨਾ ਦੇ ਡਰ ਦੇ ਨਾਲ-ਨਾਲ ਅਧਿਆਪਕਾਂ ਅਤੇ ਬੱਚਿਆਂ `ਤੇ ਮਾਨਸਿਕ ਦਬਾਅ ਵੀ ਵੱਧਦਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਅਜਿਹਾ ਇਸ ਲਈ ਕਿਉਂਕਿ ਕੋਈ ਵੀ ਬੱਚਾ ਵਧੀਆ ਸਿੱਖਿਆ ਤਾਂ ਹੀ ਪ੍ਰਾਪਤ ਕਰ ਸਕਦਾ ਹੈ ਜੇਕਰ ਉਹ ਖੁਦ ਅਤੇ ਉਸਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਮਾਨਸਿਕ ਦਬਾਅ ਤੋਂ ਮੁਕਤ ਹੋਵੇਗਾ। ਇਸ ਲਈ ਸਰਕਾਰਾਂ ਨੂੰ ਇਸ ਗੱਲ ਵੱਲ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ।
ਦੇਖਣ ਵਿਚ ਆਇਆ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਅਤੇ ਉਹਨਾਂ ਦੇ ਸੰਚਾਲਕਾਂ ਵੱਲੋਂ ਅਧਿਆਪਕਾਂ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਇਹ ਕੁਝ-ਕੁ ਵਿਅਕਤੀਆਂ ਲਈ ਚੰਗੀ ਸੋਚ ਹੋ ਸਕਦੀ ਹੈ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਅਜਿਹੀਆਂ ਤਕਨੀਕਾਂ ਪੂਰਨ ਵਿਕਸਤ ਦੇਸ਼ਾਂ ਲਈ ਹੀ ਸੰਭਵ ਹੋ ਸਕਦੀਆਂ ਹਨ ਪਰ ਭਾਰਤ ਵਰਗੇ ਦੇਸ਼ `ਚ ਇਹ ਸਭ ਕੁਝ ਇਕ ਢਕੌਂਸਲਾ ਜਿਹਾ ਹੀ ਬਣ ਕੇ ਰਹਿ ਜਾਂਦਾ ਹੈ। ਇਸ ਨਾਲ ਅਮੀਰ ਅਤੇ ਗ਼ਰੀਬ ਬੱਚਿਆਂ ਦੀ ਮਨੋਬ੍ਰਿਤੀ ਅਤੇ ਸਿੱਖਿਆ ਸ਼ਕਤੀ ਵਿਚ ਵੀ ਅੰਤਰ ਆਉਂਦਾ ਹੈ। ਅਮੀਰ ਘਰਾਂ ਦੇ ਬੱਚਿਆਂ ਕੋਲ ਤਾਂ ਸਮਾਰਟ ਫੋਨ ਜਾਂ ਲੈਪਟਾਪ ਹੁੰਦੇ ਹਨ ਪਰ ਗ਼ਰੀਬ ਬੱਚੇ ਇਨ੍ਹਾਂ ਸਭ ਸਹੂਲਤਾਂ ਤੋਂ ਵਾਂਝੇ ਹੀ ਹੁੰਦੇ ਹਨ। ਉਂਜ ਵੀ ਦੇਖਣ ਵਿਚ ਆਇਆ ਹੈ ਕਿ ਆਨਲਾਈਨ ਪੜ੍ਹਾਈ ਦਾ ਦਸ ਪ੍ਰਤੀਸ਼ਤ ਤੋਂ ਵੱਧ ਲਾਭ ਨਹੀਂ ਹੋ ਰਿਹਾ।
ਉਲਟਾ ਬੱਚਿਆਂ ਨੂੰ ਮਾਨਸਿਕ ਬੋਝ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਆਨਲਾਈਨ ਜਾਂ ਵ੍ਹਟਸਐਪ ਉਪਰ ਐਨਾ ਕੰਮ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਕਿ ਉਹ ਸਾਰਾ ਦਿਨ ਮਾਨਸਿਕ ਬੋਝ ਹੇਠ ਦਬੇ ਰਹਿੰਦੇ ਹਨ। ਇੰਜ ਲੱਗਦਾ ਹੈ ਕਿ ਕੁਝ ਉੱਚ ਅਧਿਕਾਰੀ ਜਾਂ ਪ੍ਰਸ਼ਾਸਨ ਇਹ ਸੋਚਦਾ ਹੈ ਕਿ ਸਕੂਲਾਂ ਅਤੇ ਕਾਲਜਾਂ ਵਿਚ ਵੱਧ ਛੁੱਟੀਆਂ ਹੋਣ ਕਾਰਨ ਅਧਿਆਪਕ ਵਿਹਲੇ ਹੋ ਗਏ ਹਨ। ਉਹ ਆਪਣੀ ਇਸ ਸੋਚਣੀ ਅਨੁਸਾਰ ਅਧਿਆਪਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖਣਾ ਚਾਹੁੰਦੇ ਸਨ ਜਿਸਦਾ ਨਤੀਜਾ ਨਾਂਹ-ਪੱਖੀ ਹੁੰਦਾ ਹੈ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਕੋਰੋਨਾ ਦੇ ਭਿਆਨਕ ਸਮੇਂ ਵਿਚ ਵੀ ਅਧਿਆਪਕਾਂ ਨੂੰ ਸਕੂਲ ਨਾਲ ਸਬੰਧਤ ਬਹੁਤ ਸਾਰੇ ਕੰਮ ਕਰਨੇ ਪਏ ਹਨ। ਇੱਥੋਂ ਤੱਕ ਕਿ ਪੰਜਾਬ ਵਿਚ ਤਾਂ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀ ਸਪਲਾਈ ਚੈੱਕ ਕਰਨ `ਤੇ ਹੀ ਲਗਾ ਦਿੱਤੀ ਗਈ ਸੀ ਜੋ ਬਾਅਦ ਵਿੱਚ ਬੜੀ ਮੁਸ਼ਕਿਲ ਨਾਲ ਹਟਾਈ ਗਈ ਸੀ।
ਸਾਰਾ ਅਧਿਆਪਕ ਵਰਗ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਨ੍ਹਾਂ ਨੂੰ ਦਿਨ-ਰਾਤ ਹੀ ਵ੍ਹਟਸਐਪ `ਤੇ ਸੁਨੇਹੇ ਆਈ ਜਾਂਦੇ ਹਨ ਕਿ ਇੰਝ ਕਰੋ ਜਾਂ ਇੰਝ ਨਾ ਕਰੋ। ਵਾਰ-ਵਾਰ ਬਦਲ ਰਹੇ ਨਿਯਮਾਂ ਤੋਂ ਵੀ ਉਹ ਮਾਨਸਿਕ ਦਬਾਅ ਮਹਿਸੂਸ ਕਰਦੇ ਹਨ। ਇਹੀ ਹਾਲ ਛੋਟੇ ਬੱਚਿਆਂ ਦਾ ਹੈ। ਉਹ ਖੇਡ ਭੁੱਲ ਕੇ ਸਾਰਾ ਦਿਨ ਮੋਬਾਈਲ ਨਾਲ ਚਿੰਬੜੇ ਰਹਿਣ ਲਈ ਮਜਬੂਰ ਹਨ।