* ਲੋੜਵੰਦਾਂ ਨੂੰ ਰਾਸ਼ਨ ਵੰਡਣ ਲਈ ਖਰਚ ਕਰ ਚੁੱਕੇ ਹਨ
ਸੰਗਰੂਰ, 5 ਮਈ (ਸੁਭਾਸ਼ ਭਾਰਤੀ):
ਕੋਰੋਨਾ ਵਾਇਰਸ ਦੇ ਚਲਦਿਆਂ ਬੰਦ ਦੌਰਾਨ ਲਗਾਤਾਰ ਪਿਛਲੇ 40 ਦਿਨਾਂ ਤੋਂ ਲੋੜਵੰਦਾਂ ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਲਈ ਸੇਵਾ ਵਿੱਚ ਜੁਟੇ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਅਤੇ ਮੁੱਖ ਸਰਪ੍ਰਸਤ ਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਆਪਣੀ ਤਿੰਨ ਮਹੀਨਿਆਂ ਦੀ ਤਨਖ਼ਾਹ (1 ਲੱਖ 50 ਹਜ਼ਾਰ ਰੁਪਏ) ਮੁੱਖਮੰਤਰੀ ਰਿਲੀਫ ਫੰਡ ਲਈ ਦੇ ਕੇ ਇੱਕ ਹੋਰ ਵੱਡਾ ਉਪਰਾਲਾ ਕੀਤਾ ਹੈ।
ਗੌਰਤਲਬ ਹੈ ਕਿ ਕੋਰੋਨਾ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਜਿਥੇ ਕੁੱਝ ਲੋਕ ਕਾਲ ਬਜਾਰੀ ਨਾਲ ਲੋਕਾਂ ਦੀ ਲੁੱਟ ਖਸੁੱਟ ਕਰਕੇ ਪੈਸਾ ਜਮਾਂ ਕਰਨ ਵਿੱਚ ਲੱਗੇ ਹੋਏ ਹਨ ਉਥੇ ਹੀ ਦੂਜੇ ਪਾਸੇ ਪੂਨਮ ਕਾਂਗੜਾ ਜੋ ਅੱਜ ਤੋਂ ਪਹਿਲਾਂ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਲਗਭਗ 4400 ਪਰਿਵਾਰਾਂ ਨੂੰ ਰਸੋਈ ਦਾ ਰਾਸ਼ਨ, ਦਵਾਈਆਂ ਅਤੇ ਹੋਰ ਲੋੜੀਂਦਾ ਸਮੱਗਰੀ ਮੁਹੱਈਆ ਕਰਵਾ ਚੁੱਕੇ ਹਨ ਜਿਸ ਵਿੱਚ ਉਨ੍ਹਾਂ ਵੱਲੋਂ ਆਪਣਾ ਨਵਾਂ ਘਰ ਖਰੀਦਣ ਲਈ ਇਕੱਠੀ ਕੀਤੀ 4 ਲੱਖ ਰੁਪਏ ਦੀ ਰਾਸ਼ੀ ਵੀ ਇਸ ਸੇਵਾ ਵਿੱਚ ਖਰਚ ਦਿੱਤੀ ਗਈ ਹੈ। ਪੂਨਮ ਕਾਂਗੜਾ ਵੱਲੋ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੇ ਇਸ ਮਹਾਂ ਯੁੱਧ ਵਿੱਚ ਵੱਡਾ ਯੋਗਦਾਨ ਪਾਉਣ ਦੀ ਜਿਲ੍ਹਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਲੋਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂ ਕਿ ਅਜਿਹੀ ਸੇਵਾ ਕਰਨ ਵਾਲੇ ਇਨਸਾਨ ਕੁੱਝ ਵਿਰਲੇ ਹੀ ਹੁੰਦੇ ਹਨ। ਇਸ ਸਬੰਧੀ ਪੂਨਮ ਕਾਂਗੜਾ ਨੇ ਕਿਹਾ ਕਿ ਅਜ ਸਾਡੇ ਦੇਸ਼ ਅੰਦਰ ਵੱਡੇ ਸੰਕਟ ਦੀ ਘੜੀ ਹੈ ਅਜਿਹੇ ਸਮੇਂ ਸਮਾਜ ਨਾਲ ਖੜੇ ਹੋਣਾ ਅਤੇ ਲੋੜਵੰਦ ਪਰਿਵਾਰ ਦੀ ਮਦਦ ਕਰਨਾ ਸਾਡਾ ਸਭ ਦਾ ਇਖਲਾਕੀ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਵੱਲੋਂ ਅੱਜ ਤਕ 4400 ਲੋੜਵੰਦ ਪਰਿਵਾਰਾਂ ਦੀ ਰਾਸ਼ਨ ਦਵਾਈਆਂ ਅਤੇ ਹੋਰ ਵੀ ਲੋੜੀਂਦਾ ਸਮੱਗਰੀ ਨਾਲ ਮਦਦ ਕੀਤੀ ਗਈ ਇਹ ਉਨ੍ਹਾਂ ਦੀ ਖੁਦ ਦੀ ਤਰਫੋਂ ਅਤੇ ਅਪਣੇ ਕੁੱਝ ਸਾਥੀਆਂ ਦੇ ਸਹਿਯੋਗ ਨਾਲ ਕਰ ਰਹੇ ਹਨ ਜਿਸ ਵਿੱਚ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਵਾਂ ਘਰ ਖਰੀਦਣ ਲਈ ਇਕੱਠੀ ਕੀਤੀ ਲਗਭਗ 4 ਲੱਖ ਰੁਪਏ ਦੀ ਰਾਸ਼ੀ ਵੀ ਅਪਣੇ ਪਰਿਵਾਰ ਦੀ ਸਹਿਮਤੀ ਨਾਲ ਇਸ ਨੇਕ ਕਾਰਜ ਲਈ ਖਰਚ ਕੀਤੀ ਗਈ ਹੈ ਤਾਂ ਜੋ ਕੋਈ ਵੀ ਲੋੜਵੰਦ ਭੁੱਖੇ ਢਿੱਡ ਨਾ ਰਹੇ ਇਹ ਸੇਵਾ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਬਿਨਾਂ ਕਿਸੇ ਆਰਥਿਕ ਨੁਕਸਾਨ ਦੀ ਪਰਵਾਹ ਕਰਦਿਆਂ ਜੋ ਫੈਸਲੇ ਲਏ ਗਏ ਹਨ ਉਹ ਅਤਿ ਸ਼ਲਾਘਾਯੋਗ ਕਦਮ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਅਪਣੀ ਤਿੰਨ ਮਹੀਨਿਆਂ ਦੀ ਤਨਖ਼ਾਹ ਵੀ ਮੁੱਖਮੰਤਰੀ ਰਿਲੀਫ ਫੰਡ ਲਈ ਦੇਣ ਦਾ ਫੈਸਲਾ ਕੀਤਾ ਹੈ। ਪੂਨਮ ਕਾਂਗੜਾ ਨੇ ਸੂਬੇ ਦੇ ਸਮੂਹ ਮੰਤਰੀ, ਵਿਧਾਇਕ, ਮੈਂਬਰ ਪਾਰਲੀਮੈਂਟ ਅਤੇ ਮੈਂਬਰ ਰਾਜ ਸਭਾ ਨੂੰ ਅਪੀਲ ਕੀਤੀ ਕਿ ਉਹ ਵੀ ਅਪਣੀ 6-6 ਮਹੀਨਿਆਂ ਦੀ ਤਨਖ਼ਾਹ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਜਮਾਂ ਕਰਵਾਉਣ।