ਉਗਾਣੀ (ਰਾਜਪੁਰਾ/ਪਟਿਆਲਾ)(ਪ੍ਰੈਸ ਕੀ ਤਾਕਤ ਬਿਊਰੋ)ਹਲਕਾ ਰਾਜਪੁਰਾ ਦੇ ਪਿੰਡ ਉਗਾਣੀ ਦੇ ਛੱਪੜ ਨੂੰ ਨਵਾਂ ਰੂਪ ਮਿਲਣ ਨਾਲ ਪਿੰਡ ਦੇ ਵਸਨੀਕ ਬਾਗੋ-ਬਾਗ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਗੰਦਾ ਪਾਣੀ ਪਹਿਲਾਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ, ਮੱਛੀ ਪਾਲਣ ਪੌਂਡ ‘ਚ ਮੱਛੀਆਂ ਨੂੰ ਮਾਰਨ ਅਤੇ ਪਿੰਡ ਬਿਮਾਰੀਆਂ ਫੈਲਾਉਣ ਦਾ ਕੰਮ ਕਰਦਾ ਸੀ ਪਰੰਤੂ ਪਿੰਡ ਦੇ ਛੱਪੜ ਦੇ ਸੀਚੇਵਾਲ ਮਾਡਲ ਤਹਿਤ ਨਵੀਨੀਕਰਨ ਮਗਰੋਂ ਸਾਰੀ ਤਸਵੀਰ ਹੀ ਬਦਲ ਗਈ ਹੈ।
ਕਰੀਬ ਸਵਾ ਸੌ ਘਰਾਂ ਵਾਲੇ ਪਿੰਡ ਉਗਾਣੀ ਦੇ 70 ਤੋਂ ਵਧੇਰੇ ਘਰ ਇਸ ਛੱਪੜ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਜਦੋਂ ਪਿੰਡ ਦੇ ਛੱਪੜ ਪੁਰਾਣੇ ਰੂਪ ‘ਚ ਸੀ ਤਾਂ ਇਸ ‘ਚ ਪੈਣ ਵਾਲੇ ਗੰਦੇ ਪਾਣੀ ਦਾ ਟੀ.ਡੀ.ਐਸ. 868 ਸੀ ਅਤੇ ਹੁਣ ਇਸ ਦਾ ਗੰਦਾ ਪਾਣੀ ਕੁਦਰਤੀ ਤਰੀਕੇ ਸੀਚੇਵਾਲ ਮਾਡਲ ਨਾਲ ਸੋਧੇ ਜਾਣ ਮਗਰੋਂ ਟੀ.ਡੀ.ਐਸ. ਦਾ ਪੱਧਰ 396 ਤੱਕ ਰਹਿ ਗਿਆ ਹੈ। ਇਸ ਤਰ੍ਹਾਂ ਇਹ ਛੱਪੜ ਇਕ ਮਿਸਾਲ ਬਣ ਗਿਆ ਹੈ।
ਇਸ ਛੱਪੜ ‘ਚ ਪ੍ਰਤੀ ਦਿਨ 162 ਕਿਊਬਿਕ ਮੀਟਰ ਪਾਣੀ ਸੋਧਿਆ ਜਾਂਦਾ ਹੈ ਅਤੇ ਇਸ ਦੀ ਸਮਰੱੱਥਾ 1900 ਕਿਊਬਿਕ ਮੀਟਰ ਦੀ ਹੈ। 20 ਸਤੰਬਰ 2020 ਨੂੰ ਨਾਭਾ ਪਾਵਰ ਲਿਮਟਿਡ ਵੱਲੋਂ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਿਭਾਗ ਦੀ ਮਦਦ ਨਾਲ 20 ਲੱਖ ਰੁਪਏ ਦੀ ਲਾਗਤ ਨਾਲ ਹੋਂਦ ‘ਚ ਆਏ ਇਸ ਛੱਪੜ ਦੇ ਨਵੇਂ ਰੂਪ ਨਾਲ ਹੁਣ ਫਸਲਾਂ ਨੂੰ ਸਿੰਚਾਈ ਲਈ ਪਾਣੀ ਅਤੇ ਨੇੜਲੇ ਮੱਛੀ ਪਾਲਣ ਪੌਂਡ ਨੂੰ ਵੀ ਸਾਫ਼ ਪਾਣੀ ਮਿਲ ਰਿਹਾ ਹੈ।
ਪਿੰਡ ਵਾਸੀ ਜੀਤ ਸਿੰਘ ਨੇ ਕਿਹਾ ਕਿ ਇਸ ਛੱਪੜ ਦੇ ਨਵੀਨੀਕਰਨ ਮਗਰੋਂ ਉਨ੍ਹਾਂ ਦੇ ਪਿੰਡ ‘ਚ ਸਾਫ਼-ਸਫ਼ਾਈ ਪੱਖੋਂ ਅੱਵਲ ਬਣ ਗਿਆ ਹੈ ਅਤੇ ਹੁਣ ਮੱਖੀ-ਮੱਛਰ ਉਨ੍ਹਾਂ ਨੂੰ ਤੰਗ ਨਹੀਂ ਕਰਦੇ ਅਤੇ ਨਾ ਹੀ ਪਹਿਲਾਂ ਦੀ ਤਰ੍ਹਾਂ ਬਿਮਾਰੀਆਂ ਦਾ ਖ਼ਤਰਾ ਉਨ੍ਹਾਂ ਸਿਰ ਮੰਡਰਾਉਂਦਾ ਹੈ।
ਜਦੋਂਕਿ ਇਕ ਹੋਰ ਪਿੰਡ ਵਾਸੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਛੱਪੜ ਦੇ ਨਵੀਨੀਕਰਨ ਦਾ ਉਨ੍ਹਾਂ ਦੇ ਪਿੰਡ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਬਹੁਤ ਲਾਭ ਪਹੁੰਚ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਇਸ ਨਾਲ ਇੱਕ ਤਾਂ ਦਿਨੋ ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਤੋਂ ਬਚ ਗਿਆ ਹੈ ਦੂਜਾ ਪਿੰਡ ਦਾ ਗੰਦਾ ਪਾਣੀ ਸਾਫ਼ ਹੋਣ ਲੱਗਾ ਹੈ ਅਤੇ ਬਰਸਾਤ ਦਾ ਪਾਣੀ ਵੀ ਸੰਭਾਲਿਆ ਜਾਣ ਲੱਗਾ ਹੈ।
ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਘਰਾਂ ਦੇ ਗੰਦੇ ਪਾਣੀ ਨੂੰ ਸਿੰਜਾਈ ਤੇ ਹੋਰ ਕੰਮਾਂ ਲਈ ਵਰਤੋਂ ਯੋਗ ਬਣਾਉਣ ਸਮੇਤ ਇਸ ਛੱਪੜ ਦੀ ਦਿੱਖ ਸੰਵਾਰ ਕੇ ਇਸ ਨੂੰ ਬਦਬੂ ਤੋਂ ਮੁਕਤ ਬਣਾਉਣ ਲਈ ਗੰਦੇ ਪਾਣੀ ਨੂੰ ਛੱਪੜ ‘ਚ ਸੁੱਟਣ ਤੋਂ ਪਹਿਲਾਂ ਸਕਰੀਨਿੰਗ ਚੈਂਬਰ ‘ਚੋਂ ਲੰਘਾਇਆ ਜਾਂਦਾ ਹੈ ਤਾਂ ਕਿ ਇਸ ‘ਚੋਂ ਮੋਟਾ-ਮੋਟਾ ਗੰਦ ਸਾਫ਼ ਹੋ ਸਕੇ।
ਇਸ ਤੋਂ ਬਾਅਦ ਇਹ ਪਾਣੀ ਤਿੰਨ ਡੂੰਘੇ ਖੂਹਾਂ ਵਿੱਚੋਂ ਪਾਣੀ ਗੋਲ ਤਰੀਕੇ ਨਾਲ ਘੁੰਮਾਕੇ ਲੰਘਾਇਆ ਜਾਂਦਾ ਹੈ ਤਾਂਕਿ ਇੱਥੇ ਬਰੀਕ ਗੰਦ ਨੂੰ ਸਾਫ਼ ਕੀਤਾ ਜਾ ਸਕੇ। ਇਸ ਤੋਂ ਬਾਅਦ ਪਾਣੀ ਛੱਪੜ ਵਿੱਚ ਚਲਾ ਜਾਂਦਾ ਹੈ, ਇਹ ਪਾਣੀ ਪਸ਼ੂਆਂ ਦੇ ਪੀਣ ਤੇ ਪਸ਼ੂਆਂ ਦੇ ਨਹਾਉ ਸਮੇਤ ਸਿੰਜਾਈ ਲਈ ਵਰਤੋਂ ਯੋਗ ਹੋ ਜਾਂਦਾ ਹੈ। ਸਰਪੰਚ ਨੇ ਦੱਸਿਆ ਕਿ ਹੁਣ ਇਹ ਛੱਪੜ ਨਵੀਨੀਕਰਨ ਤੋਂ ਬਾਅਦ ਇਸ ਦੇ ਆਲੇ-ਦੁਆਲੇ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਇੱਕ ਸੈਰਗਾਹ ਵਜੋਂ ਵੀ ਵਰਤਿਆ ਜਾ ਰਿਹਾ ਹੈ।