ਸੰਗਰੂਰ, 5 ਮਈ (ਸੁਭਾਸ਼ ਭਾਰਤੀ):
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਸਰਕਾਰ ਜਿੱਥੇ ਡਾਕਟਰਾਂ, ਪੁਲਿਸ ਕਰਮੀਆਂ ਅਤੇ ਕਰੋਨਾ ਜੰਗ ਨਾਲ ਜੁੜੇ ਹੋਰ ਵਰਗਾਂ ਨੂੰ ਮਾਨ ਸਨਮਾਨ ਦਿੰਦੀ ਹੈ ਪਰ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਸਮੇਤ ਕਣਕ ਖਰੀਦ ਨਾਲ ਜੁੜੇ ਮਾਰਕੀਟ ਕਮੇਟੀ ਮੁਲਾਜ਼ਮਾਂ, ਖਰੀਦ ਇੰਸਪੈਕਟਰਾਂ ਅਤੇ ਟਰੱਕ ਆਪ੍ਰੇਟਰਾਂ ਨੂੰ ਅਣਗੌਲਿਆ ਕਰ ਰਹੀ ਹੈ ਜਿਹਨਾਂ ਦਾ ਕਰੋਨਾ ਦੇ ਸਮੇਂ ਵਿਚ ਯੋਗਦਾਨ ਕੋਈ ਘੱਟ ਨਹੀਂ। ਉਨ੍ਹਾਂ ਸਰਕਾਰ ਦੇ ਨਾ-ਪੱਖੀ ਰੱਵਈਏ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਖਰੀਦ ਨਾਲ ਜੁੜੇ ਵਰਗ ਦਾ ਬੀਮਾ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਜਦਕਿ ਗੁਆਂਡੀ ਰਾਜ ਹਰਿਆਣਾ ਸਮੇਤ ਬਾਕੀ ਸਰਕਾਰਾਂ ਵੱਲੋਂ ਖਰੀਦ ਨਾਲ ਜੁੜੇ ਕਿਸਾਨ, ਆੜ੍ਹਤੀ, ਮਜ਼ਦੂਰ ਅਤੇ ਮੁਨੀਮਾਂ ਨੂੰ ਬੀਮਾ ਕਵਰ ਦਿੱਤਾ ਹੈ।
ਚੀਮਾ ਨੇ ਪੰਜਾਬ ਦੇ ਮਜ਼ਦੂਰਾਂ ਨੂੰ ਮਜ਼ਦੂਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਮਜ਼ਦੂਰਾਂ ਨੇ ਮੰਡੀਆਂ ਵਿੱਚ ਲਾਮਿਸਾਲ ਕੰਮ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਵੀ ਪੰਜਾਬ ਦੀਆਂ ਮੰਡੀਆਂ ਦੀ ਸਾਰੀ ਜ਼ਿੰਮੇਵਾਰੀ ਚੱੁਕ ਸਕਦੇ ਹਨ। ਚੀਮਾ ਨੇ ਕਿਹਾ ਖ਼ੁਰਾਕ ਮੰਤਰੀ ਵੱਲੋਂ ਮਈ ਦਿਵਸ ਤੇ ਮੰਡੀਆਂ ਵਿੱਚ ਕੰਮ ਕਰਨ ਵਾਲੇ ਵਰਗ ਲਈ ਰਸਮੀ ਸਨਮਾਨ ਦੇ ਦੋ ਸ਼ਬਦ ਕਹਿਣੇ ਵੀ ਮੁਨਾਸਿਬ ਨਹੀਂ ਸਮਝੇ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਘਾਟ ਵਿੱਚ ਵੀ ਮੁੱਖ ਤੌਰ ਤੇ ਖੁਰਾਕ ਮੰਤਰੀ ਅਤੇ ਉੱਚ ਅਧਿਕਾਰੀਆਂ ਵੱਲੋਂ ਸਮੇਂ ਸਿਰ ਟੈਂਡਰ ਨਾ ਕਰਨਾ ਅਤੇ ਪੁਰਾਣੇ ਬਾਰਦਾਨੇ ਦਾ ਰੇਟ ਨਿਸ਼ਚਿਤ ਨਾ ਕਰਨਾ ਹੈ। ਚੀਮਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਣਕ ਖਰੀਦ ਦੇ ਪ੍ਰਬੰਧਾਂ ਖਾਸ ਕਰਕੇ ਪਾਸ ਸਿਸਟਮ ਲਈ ਨਿਭਾਏ ਰੋਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਰੋਨਾ ਦੀ ਜੰਗ ਲੜ ਰਹੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਬ-ਡਿਵੀਜ਼ਨ ਅਧਿਕਾਰੀਆਂ ਵੱਲੋਂ ਕਣਕ ਖਰੀਦ ਬਾਰੇ ਸਮੇਂ ਸਿਰ ਲਏ ਗਏ ਫੈਸਲੇ ਕਾਰਨ ਜ਼ਿਲ੍ਹਾ ਸੰਗਰੂਰ ਵਿੱਚ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਚੱਲੀ ਹੈ।