ਸੂਬੇ ਵੱਲੋਂ 4 ਸਰਕਾਰੀ ਲੈਬਾਂ- ਆਰ.ਡੀ.ਡੀ.ਐੱਲ-ਐਨ.ਜ਼ੈੱਡ ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨਿਵਰਸਿਟੀ ਲੁਧਿਆਣਾ, ਪੰਜਾਬ ਬਾਇਓਟੈਕ ਇਨਕਿਊਬੇਟਰ ਮੋਹਾਲੀ ਅਤੇ ਸਟੇਟ ਐਫ.ਐਸ.ਐਲ. ਮੋਹਾਲੀ ਵਿੱਚ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ
4 ਕੇਂਦਰੀ ਅਦਾਰਿਆਂ ਆਈ.ਆਈ.ਐਸ.ਈ.ਆਰ ਮੋਹਾਲੀ, ਐਨ.ਆਈ.ਪੀ.ਆਰ ਮੋਹਾਲੀ, ਐਨ.ਏ.ਬੀ.ਆਈ ਮੋਹਾਲੀ ਅਤੇ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ ਲੈਬਾਂ ਦੀ ਸਥਾਪਨਾ
ਜ਼ਿਲ੍ਹਾ ਹਸਪਤਾਲ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਖੇ 4 ਨਵੀਆਂ ਲੈਬਾਂ ਦੀ ਸਥਾਪਨਾ ਲਈ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜਿਆ
ਚੰਡੀਗੜ੍ਹ, 13 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਵਿੱਚ 13 ਮਈ, 2020 ਤੱਕ ਕੋਵਿਡ-19 ਦੇ 41849 ਟੈਸਟ ਕੀਤੇ ਜਾ ਚੁੱਕੇ ਹਨ। ਪੰਜਾਬ ਵਿੱਚ ਟੈਸਟਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ ਅਤੇ 1392 ਟੈਸਟ ਪ੍ਰਤੀ ਦਿਨ ਪ੍ਰਤੀ ਮੀਲੀਅਨ ਕੀਤੇ ਗਏ ਹਨ। ਇਹ ਕੌਮੀ ਔਸਤ ਦੇ ਪ੍ਰਤੀ ਦਿਨ ਪ੍ਰਤੀ ਮਿਲੀਅਨ 1243 ਟੈਸਟਾਂ ਤੋਂ ਜ਼ਿਆਦਾ ਹੈ।ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਇੱਕ ਪੈ੍ਰਸ ਬਿਆਨ ਵਿੱਚ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਵੱਲੋਂ ਸੂਬੇ ਵਿੱਚ ਟੈਸਟਿੰਗ ਲਈ ਪ੍ਰਭਾਵਸ਼ਾਲੀ ਪਹੁੰਚ ਅਪਣਾਈ ਗਈ ਹੈ। ਸੂਬੇ ਨੇ ਆਪਣੀ ਟੈਸਟਿੰਗ ਰਣਨੀਤੀ ਤਿਆਰ ਕੀਤੀ ਹੈ। ਇਹ ਰਣਨੀਤੀ ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਅਤੇ ਜੋਹਨਸ ਹੋਪਕਿਨਸ ਯੂਨੀਵਰਸਿਟੀ, ਯੂਐਸਏ ਦੇ ਮੈਡੀਕਲ ਮਾਹਿਰਾਂ ਦੇ ਸੁਝਾਵਾਂ ਅਨੁਸਾਰ ਤਿਆਰ ਕੀਤੀ ਗਈ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੇ ਲੈਬਾਂ ਦੀ ਸਮਰੱਥਾ ਵਿੱਚ ਵਾਧਾ ਕਰਕੇ ਆਪਣੀ ਟੈਸਟਿੰਗ ਦਰ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਪੰਜਾਬ ਵਿੱਚ 2 ਮਈ 2020 ਤੱਕ 20,000 ਸੈਂਪਲ ਲਏ ਗਏ ਸਨ। ਇਸ ਨੂੰ ਅੱਗੇ ਵਧਾਉਂਦਿਆਂ ਰਾਜ ਵਿੱਚ ਅਗਲੇ 10,000 ਟੈਸਟ ਸਿਰਫ਼ 5 ਦਿਨਾਂ ਵਿੱਚ ਕੀਤੇ ਗਏ ਅਤੇ 7 ਮਈ ਤੱਕ 30,000 ਟੈਸਟ ਕੀਤੇ ਜਾ ਚੁੱਕੇ ਸਨ। ਕੋਵਿਡ-19 ਦੇ ਸ਼ੱਕੀ ਕੇਸਾਂ ਦੇ ਟੈਸਟ ਕਰਨ ਲਈ ਸੂਬਾ ਵੱਲੋਂ ਆਪਣੀਆਂ ਸਰਕਾਰੀ ਮੈਡੀਕਲ ਕਾਲਜ ਦੀਆਂ ਲੈਬਾਂ ਦਾ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਦੀ ਟੈਸਟਿੰਗ ਸਮਰੱਥਾ ਨੂੰ ਵਧਾਉਣ ਲਈ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ.ਐਮ. ਟੈੱਕ ਚੰਡੀਗੜ੍ਹ ਅਤੇ ਪੀਜੀਆਈ ਚੰਡੀਗੜ੍ਹ ਦੇ ਨਾਲ ਨਾਲ ਕੁਝ ਆਈਸੀਐਮਆਰ ਤੋਂ ਮੰਜੂਰੀ ਪ੍ਰਾਪਤ ਲੈਬਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਵਿਭਾਗ, ਪੰਜਾਬ ਵੱਲੋਂ 3 ਸਰਕਾਰੀ ਮੈਡੀਕਲ ਕਾਲਜਾਂ ਲਈ ਹੋਰ 3 ਐਮਜੀਆਈ-ਐਸਪੀ960 ਆਟੋਮੇਟਿਡ ਹਾਈ ਥਰੂਪੁਟ ਆਰਐਨਏ ਐਕਸਟਰੇਕਸ਼ਨ ਸਿਸਟਮਜ਼ ਖਰੀਦਣ ਲਈ ਆਰਡਰ ਤਿਆਰ ਕਰ ਲਏ ਗਏ ਹਨ। ਸੂਬੇ ਵੱਲੋਂ 4 ਹੋਰ ਸਰਕਾਰੀ ਲੈਬੋਰਟਰੀਆਂ ਆਰਡੀਡੀਐਲ-ਐਨਜ਼ੈਡ ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨਿਵਰਸਿਟੀ ਲੁਧਿਆਣਾ, ਪੰਜਾਬ ਬਾਇਓਟੈਕ ਇਨਕਿਉਬੇਟਰ ਮੋਹਾਲੀ ਅਤੇ ਸਟੇਟ ਐਫਐਸਐਲ ਮੋਹਾਲੀ ਵਿੱਚ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ 4 ਕੇਂਦਰੀ ਅਦਾਰਿਆਂ ਆਈਆਈਐਸਈਆਰ ਮੋਹਾਲੀ, ਐਨਆਈਪੀਆਰ ਮੋਹਾਲੀ, ਐਨਏਬੀਆਈ ਮੋਹਾਲੀ ਅਤੇ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਵਿੱਚ ਵੀ 4 ਲੈਬੋਰਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਸ. ਬਲਬੀਰ ਸਿੰਘ ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਭਾਰਤ ਸਰਕਾਰ ਨੂੰ 4 ਹੋਰ ਸਰਕਾਰੀ ਲੈਬੋਰਟਰੀਆਂ ਜ਼ਿਲ੍ਹਾ ਹਸਪਤਾਲ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ ਸਥਾਪਿਤ ਕਰਨ ਦੀ ਯੋਜਨਾ ਬਣਾ ਕੇ ਭੇਜੀ ਗਈ ਹੈ। ਇਸਦੇ ਨਾਲ ਨਾਲ 15 ਟਰੂਨਾਟ ਮਸ਼ੀਨਾਂ ਵੀ ਖਰੀਦਣ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਰਾਜ ਵੱਲੋਂ ਪਟਿਆਲਾ ਅਤੇ ਫਰੀਦਕੋਟ ਵਿੱਚ ਸੀਬੀਨਾਟ ਟੈਸਟਿੰਗ ਦੀ ਸ਼ੁਰੂਆਤ ਵਿਚਾਰ ਅਧੀਨ ਹੈ। ਸਰਕਾਰੀ ਲੈਬੋਰਟਰੀਆਂ ਵੱਲੋਂ ਵੀ ਘੱਟ ਖਤਰੇ ਵਾਲੇ ਇਲਾਕਿਆਂ ਵਿੱਚ ਪੂਲ ਟੈਸਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਰਾਜ ਵਿੱਚ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ। ਹੁਣ ਤੱਕ ਰਾਜ ਵਿੱਚ ਲਗਭਗ 7435 ਪੂਲ ਟੈਸਟ ਕੀਤੇ ਜਾ ਚੁੱਕੇ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਨਿਗਰਾਨੀ ਦੇ ਉਦੇਸ਼ ਨਾਲ ਟੈਸਟਿੰਗ ਲਈ ਸੈਂਪਲ ਲੈਣ ਲਈ ਲਗਭਗ 111 ਫਲੂ ਕਾਰਨਰ ਅਤੇ 161 ਟੀਮਾਂ ਫੀਲਡ ਵਿੱਚ ਸੈਂਪਲ ਇਕੱਠੇ ਕਰਨ ਦਾ ਕੰਮ ਕਰ ਰਹੀਆਂ ਹਨ। ਸਾਰੇ ਮੈਡੀਕਲ ਸਟਾਫ ਨੂੰ ਨਿਰਵਿਘਨ ਸੈਂਪਲ ਇਕੱਠੇ ਕਰਨ ਲਈ ਉਚਿੱਤ ਟਰੇਨਿੰਗ ਦਿੱਤੀ ਗਈ ਹੈ। ਸਾਰੇ ਹੈਲਥ ਕੇਅਰ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਪ੍ਰੋਟੈਕਟਿਵ ਗਿਅਰ ਜਿਵੇਂ ਕਿ ਪੀਪੀਈ ਕਿੱਟਾਂ, ਐਨ-95 ਮਾਸਕ ਉਪਲਬੱਧ ਕਰਵਾਏ ਗਏ ਹਨ। ਘਰ-ਘਰ ਜਾ ਕੇ ਇਨਫਲੂਏਂਜਾ ਲਾਈਕ ਇਲਨੈੱਸ (ਆਈਐਲਆਈ) ਜਾਂ ਸਵੀਅਰ ਐਕਿਊਟ ਰੈਸਪੀਰੇਟਰੀ ਇਲਨੈੱਸ ਦੇ ਲੱਛਣਾਂ ਵਾਲੇ ਲੋਕਾਂ ਦੀ ਨਿਗਰਾਨੀ ਤੇ ਪਹਿਚਾਣ ਕਰਕੇ ਸਕਰੀਨਿੰਗ ਦੀ ਸੁਵਿਧਾ ਪ੍ਰਦਾਨ ਕਰਨ ਲਈ 379 ਰੈਪਿਡ ਰਿਸਪਾਂਸ ਟੀਮਾਂ ਲਗਾਈਆਂ ਹਨ। ਇਸ ਵਿੱਚ ਮੈਡੀਕਲ ਅਫ਼ਸਰ/ਮਲਟੀਪਰਪਜ਼ ਹੈਲਥ ਵਰਕਰ/ਸਟਾਫ ਨਰਸ ਸ਼ਾਮਿਲ ਹਨ। ਰਾਜ ਵੱਲੋਂ ਟੈਸਟਿੰਗ ਦੀਆਂ ਨਵੀਂਆਂ ਤਕਨੀਕਾਂ ਜਿਵੇਂ ਕਿ ਮੋਬਾਈਲ ਸੈਂਪਲਿੰਗ ਕੁਲੈਕਸ਼ਨ ਕਿਉਸਕ ਬਣਾਏ ਗਏ ਹਨ। ਇਹ ਕਿਉਸਕ ਰਾਜ ਵਿੱਚ ਵੱਖ-ਵੱਖ 124 ਥਾਵਾਂ ਤੇ ਸਥਾਪਿਤ ਕੀਤੇ ਜਾ ਰਹੇ ਹਨ।