ਚੰਡੀਗੜ, 4 ਅਗਸਤ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਸਰਕਾਰ ਜੱਚਾ-ਬੱਚਾ ਸਿਹਤ ਸੰਭਾਲ ਪ੍ਰੋਗਰਾਮ ਤਹਿਤ ਨਵਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਹੁਣ ਐਚ.ਐਮ.ਆਈ.ਐਸ. (ਹੈਲਥ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ) ਦੇ ਤਾਜ਼ਾਤਰੀਨ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਜਨਮ ਸਮੇਂ ਬੱਚਿਆਂ ਦਾ ਮਾਂ ਦਾ ਦੁੱਧ ਪੀਣ ਦਾ ਫੀਸਦ 30.7 (ਐਨ.ਐਫ.ਐਚ.ਐਸ.-4 ਦੇ ਅੰਕੜਿਆਂ 2015-16 ਅਨੁਸਾਰ) ਤੋਂ ਵਧਕੇ 81.7 ਫੀਸਦ ਹੋ ਗਿਆ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ‘ਵਿਸ਼ਵ ਬ੍ਰੈਸਟਫੀਡਿੰਗ’ ਹਫਤੇ ਸਬੰਧੀ ਚਲਾਈ ਜਾਗਰੂਕਤਾ ਮੁਹਿੰਮ ਬਾਰੇ ਇੱਕ ਪੋਸਟਰ ਜਾਰੀ ਕਰਦਿਆਂ ਕੀਤਾ।
ਸ. ਸਿੱਧੂ ਨੇ ਕਿਹਾ ਕਿ ਨਵਜਨਮੇਂ ਬੱਚਿਆਂ ਨੂੰ ਮਾਂ ਦਾ ਦੁੱਧ ਚੁੰਘਾਉਣ ਦੇ ਫਾਇਦੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਇਸ ਸਬੰਧੀ ਤੱਥ ਰਹਿਤ ਧਾਰਨਾਵਾਂ ਜਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਉਨਾਂ ਅੱਗੇ ਕਿਹਾ ਕਿ ਸਾਡਾ ਉਦੇਸ਼ 100 ਫੀਸਦੀ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਆਉਣਾ ਹੈ ਕਿਉਂਕਿ ਮਾਂ ਦਾ ਦੁੱਧ ਕਿਸੇ ਵੀ ਇਨਫੈਕਸ਼ਨ ਵਿਰੁੱਧ ਲੜਨ ਲਈ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਇਹ ਮਾਂ ਤੋਂ ਐਂਟੀਬਾਡੀਜ਼ ਨੂੰ ਸਿੱਧੇ ਬੱਚੇ ਵਿੱਚ ਤਬਦੀਲ ਕਰਕੇ ਇਮਿਊਨ ਸਿਸਟਮ ਨੂੰ ਮਜਬੂਤ ਕਰਦਾ ਹੈ।
‘ਵਿਸ਼ਵ ਬ੍ਰੈਸਟ ਫੀਡਿੰਗ’ ਹਫਤੇ ਦੀ ਮਹੱਤਤਾ ਨੂੰ ਦਰਸਾਉਂਦਿਆਂ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਦੇ ਡਾਇਰੈਕਟਰ ਡਾ: ਅੰਦੇਸ਼ ਕੰਗ ਨੇ ਕਿਹਾ ਕਿ ਹਰ ਸਾਲ 1 ਤੋਂ 7 ਅਗਸਤ ਤੱਕ ਵਿਸ਼ਵ ਬ੍ਰੈਸਟ ਫੀਡਿੰਗ ਹਫਤਾ (ਡਬਲਯੂ.ਬੀ.ਡਬਲਯੂ.) ਮਨਾਇਆ ਜਾਂਦਾ ਹੈ ਤਾਂ ਜੋ ਜਨਮ ਉਪਰੰਤ ਬੱਚੇ ਨੂੰ ਮਾਂ ਦਾ ਦੁੱਧ ਚੁੰਘਾਉਣ ਦੀ ਤੁਰੰਤ ਸ਼ੁੁਰੂਆਤ ‘ਤੇ ਕਾਰਵਾਈ ਨੂੰ ਉਤਸ਼ਾਹਤ ਕਰਨ ਲਈ ਇੱਕ ਵਿਸ਼ਵਵਿਆਪੀ ਮੁਹਿੰਮ ਵਿੱਢੀ ਜਾ ਸਕੇ। ਇਸ ਸਾਲ ‘ਵਿਸ਼ਵ ਬ੍ਰੈਸਟ ਫੀਡਿੰਗ ’ ਹਫਤੇ ਦਾ ਵਿਸ਼ਾ : ‘ ਪ੍ਰੋਟੈਕਟ ਬ੍ਰੈਸਟਫੀਡਿੰਗ :ਏ ਸ਼ੇਅਰਡ ਰਿਸਪਾਂਸੀਬਿਲਟੀ ’ ਹੈ। ਇਸ ਥੀਮ ਦਾ ਮੰਤਵ ਬੱਚਿਆਂ ਨੂੰ ਮਾਂ ਦਾ ਦੁੱਧ ਪਿਆਉਣਾ ਅਤੇ ਇਸ ਨੂੰ ਉਤਸ਼ਾਹਤ ਕਰਨਾ ਹੈ ਕਿਉਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਸੁਰੱਖਿਅਤ ਕਰਨਾ ਸਾਡੀ ਜਿੰਮੇਵਾਰੀ ਹੈ।
ਡਾ: ਕੰਗ ਨੇ ਅੱਗੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਚੁੰਘਾਉਣ ਅਤੇ 2 ਸਾਲ ਜਾਂ ਇਸ ਤੋਂ ਵੱਧ ਉਮਰ ਤੱਕ ਲਗਾਤਾਰ ਮਾਂ ਦਾ ਦੁੱਧ ਪਿਆਉਣ ਨਾਲ ਨਾ ਸਿਰਫ ਨਵਜੰਮੇ ਬੱਚਿਆਂ, ਛੋਟੇ ਬੱਚਿਆਂ ਸਗੋਂ ਮਾਵਾਂ ਨੂੰ ਵੀ ਬਹੁਤ ਲਾਭ ਹੁੰਦੇ ਹਨ। ਉਨਾਂ ਕਿਹਾ ਕਿ ਕੋਵਿਡ ਹੋਣ ਦੀ ਸੂਰਤ ਵਿੱਚ ਵੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਂ ਵਲੋਂ ਬੱਚੇ ਨੂੰ ਦੁੱਧ ਚੁੰਘਾਉਣਾ ਅਤਿ ਲਾਜ਼ਮੀ ਹੈ। ਉਨਾਂ ਮਾਂ ਦੇ ਦੁੱਧ ਦੇ ਹੋਰ ਵਿਕਲਪਾਂ, ਕਮਰਸ਼ੀਅਲ ਫਾਰਮੂਲਾ ਫੂਡਜ਼ ਆਦਿ ਦੇ ਪ੍ਰਚਾਰ ਤੋਂ ਬਚਣ ‘ਤੇ ਵੀ ਜ਼ੋਰ ਦਿੱਤਾ। ਵਿਸ਼ਵ ਬੈ੍ਰਸਟਫੀਡਿੰਗ ਹਫਤੇ ਦੌਰਾਨ ਬੋਤਲ ਨਾਲ ਦੁੱਧ ਪਿਆਉਣ ਨੂੰ ਰੋਕਣ ਸਬੰਧੀ ਵੀ ਜਾਗਰੂਕਤਾ ਪ੍ਰਦਾਨ ਕੀਤੀ ਜਾਵੇਗੀ।
ਸਿਹਤ ਮੰਤਰੀ ਦੇ ਸਲਾਹਕਾਰ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਸਮੇਂ ਔਰਤਾਂ ਦੀ ਨਿੱਜਤਾ ਯਕੀਨੀ ਬਣਾਉਣ ਲਈ ਸਾਰੀਆਂ ਸਿਹਤ ਸਹੂਲਤਾਂ ਦੇਣ ਲਈ ਇੱਕ ਵਿਸ਼ੇਸ਼ ਕਮਰਾ /ਜਗਾ ਵੀ ਰੱਖੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਅਫਸਰ ਡਾ. ਇੰਦਰਦੀਪ ਕੌਰ ਨੇ ਕਿਹਾ ਕਿ ਵਿਸ਼ਵ ਬੈ੍ਰਸਟਫੀਡਿੰਗ ਹਫਤੇ-2021 ਦਾ ਮੁੱਖ ਉਦੇਸ਼ ਔਰਤਾਂ ਵਿੱਚ ਨਵਜੰਮੇ ਬੱਚਿਆਂ ਨੂੰ ਦੁੱਧ ਪਿਆਉਣ ਦੇ ਰੁਝਾਨ ਨੂੰ ਵਧਾਉਣ ਲਈ ਮੌਕੇ ਪ੍ਰਦਾਨ ਕਰਨਾ ਅਤੇ ਲੋੜੀਂਦੇ ਯਤਨ ਕਰਨਾ ਹੈ। ਅਸੀਂ ਸਧਾਰਨ ਜਣੇਪੇ ਵਿੱਚ (ਇੱਕ ਘੰਟੇ ਦੇ ਅੰਦਰ) ਅਤੇ ਸੀ-ਸੈਕਸ਼ਨ (ਦੋ ਘੰਟਿਆਂ ਦੇ ਅੰਦਰ) ਦੌਰਾਨ ਮਾਂ ਦਾ ਦੁੱਧ ਪਿਆਉਣ ਦੀ ਸ਼ੁਰੂਆਤ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਹਨ। ਇਸ ਤੋਂ ਇਲਾਵਾ ਕਮਿਊਨਿਟੀ ਅਤੇ ਹਸਪਤਾਲ ਪੱਧਰ ‘ਤੇ 6 ਮਹੀਨਿਆਂ ਦੀ ਉਮਰ ਤੱਕ ਕੋਲੋਸਟ੍ਰਮ ਫੀਡਿੰਗ ਨੂੰ ਉਤਸ਼ਾਹਿਤ ਕਰਨ ਅਤੇ 2 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਮਾਂ ਦਾ ਦੁੱਧ ਚੁੰਘਾਉਣ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ।