
ਬੇਸ਼ੱਕ ਕੌਮਾਂਤਰੀ ਪੱਧਰ `ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਚੱਲ ਰਹੀ ਹੈ ਪਰ ਭਾਰਤ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਹਫ਼ਤੇ ਦੇ ਆਖ਼ਰੀ ਦਿਨ ਭਾਵ ਸ਼ਨਿੱਚਰਵਾਰ 20 ਜੂਨ ਨੂੰ ਪੈਟਰੋਲ `ਚ 51 ਪੈਸੇ ਅਤੇ ਡੀਜ਼ਲ `ਚ 61 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ। ਲੰਘੀ 7 ਜੂਨ ਤਕ 82 ਦਿਨਾਂ ਦੌਰਾਨ ਤੇਲ ਕੀਮਤਾਂ `ਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਹੁਣ 14 ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਰੋਜ਼ਾਨਾ ਵਾਧਾ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਪਰ ਜੇਕਰ ਇਹਨਾਂ ਕੀਮਤਾਂ ਸਬੰਧੀ ਪਿਛਲੇ ਦੋ ਹਫ਼ਤਿਆਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਪੈਟਰੋਲ 7.62 ਤੇ ਡੀਜ਼ਲ 8.25 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਦਿੱਲੀ `ਚ ਇਨ੍ਹਾਂ 14 ਦਿਨਾਂ `ਚ ਤੇਲ ਕੀਮਤਾਂ `ਚ ਵਾਧੇ ਤੋ ਪਹਿਲਾਂ ਡੀਜ਼ਲ ਦੀ ਸਭ ਤੋਂ ਉੱਚੀ ਦਰ 16 ਅਕਤੂਬਰ 2018 ਨੂੰ ਸੀ। ਉਸ ਸਮੇਂ ਇਸ ਦੀ ਕੀਮਤ 75.69 ਰੁਪਏ ਪ੍ਰਤੀ ਲੀਟਰ ਸੀ। ਚਾਰ ਅਕਤੂਬਰ 2018 ਨੂੰ ਪੈਟਰੋਲ 84 ਰੁਪਏ ਪ੍ਰਤੀ ਲੀਟਰ ਸੀ। ਸੋਚ ਕੇ ਵੇਖੋ ਕਿ ਕੇਵਲ ਦੋ ਹਫ਼ਤਿਆਂ `ਚ ਇਹ ਵਾਧਾ ਕਿੰਨਾ ਜ਼ਿਆਦਾ ਹੈ? ਵਰਤਮਾਨ ਵਿੱਚ ਜਨਤਾ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ ਅਤੇ ਕਾਰੋਬਾਰ ਠੱਪ ਪਏ ਹਨ ਤੇ ਲੋਕ ਆਰਥਿਕ ਪੱਖੋਂ ਬੇਹਾਲ ਹਨ। ਫਿਰ ਦੱਸੋ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ `ਚ ਨਿੱਤ ਵਾਧਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਕਿਉਂ ਵਧਾਈਆਂ ਜਾ ਰਹੀਆਂ ਹਨ? ਤੇਲ ਕੀਮਤਾਂ `ਚ ਵਾਧੇ ਦਾ ਅਸਰ ਹਰ ਵਰਗ `ਤੇ ਪੈਣਾ ਲਾਜ਼ਮੀ ਹੈ। ਪੈਟਰੋਲ-ਡੀਜ਼ਲ ਦੇ ਭਾਅ ਵਧਣ ਕਾਰਨ ਆਵਾਜਾਈ ਤੇ ਢੋਆ-ਢੁਆਈ ਵੀ ਮਹਿੰਗੀ ਹੋਵੇਗੀ ਜਿਸ ਕਾਰਨ ਹਰ ਚੀਜ਼ ਮਹਿੰਗੀ ਹੋਣੀ ਲਾਜ਼ਮੀ ਹੈ। ਮਹਿੰਗਾਈ ਵਧਣ ਦਾ ਸਿੱਧਾ ਅਸਰ ਦੇਸ਼ ਦੀ ਆਮ ਜਨਤਾ `ਤੇ ਪਵੇਗਾ। ਰਸੋਈ ਦਾ ਬਜਟ ਵੀ ਡਗਮਗਾਏਗਾ। ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਅਜਿਹੇ `ਚ ਡੀਜ਼ਲ ਦੇ ਭਾਅ ਵਿੱਚ ਵਾਧੇ ਕਾਰਨ ਕਰਜ਼ੇ ਦੀ ਮਾਰ ਝੱਲ ਰਿਹਾ ਅੰਨਦਾਤਾ ਹੋਰ ਕਰਜ਼ਾਈ ਹੋ ਜਾਵੇਗਾ। ਪੰਜਾਬ ਦੇ 80% ਲੋਕ ਸਿੱਧੇ ਰੂਪ `ਚ ਖੇਤੀਬਾੜੀ `ਤੇ ਨਿਰਭਰ ਹਨ। ਸੋ, ਡੀਜ਼ਲ ਦੇ ਭਾਅ `ਚ ਰਿਕਾਰਡਤੋੜ ਵਾਧਾ ਪੰਜਾਬ ਦੀ ਕਿਸਾਨੀ ਦਾ ਲੱਕ ਤੋੜ ਦੇਵੇਗਾ। ਮਜ਼ਦੂਰਾਂ ਦੀ ਘਾਟ ਅਤੇ ਝੋਨੇ ਦੀ ਮਹਿੰਗੀ ਲਵਾਈ ਨੂੰ ਲੈ ਕੇ ਪੰਜਾਬ ਦਾ ਕਿਸਾਨ ਪਹਿਲਾਂ ਹੀ ਪਰੇਸ਼ਾਨ ਹੈ। ਪਿਛਲੇ ਸਾਲਾਂ `ਚ ਝੋਨੇ ਦੀ ਜੋ ਲਵਾਈ ਪ੍ਰਤੀ ਏਕੜ 2500 ਤੋਂ 3000 ਰੁਪਏ ਹੁੰਦੀ ਸੀ ਉਹ ਇਸ ਵਰ੍ਹੇ 7000 ਤੋਂ 8000 ਰੁਪਏ ਪ੍ਰਤੀ ਏਕੜ ਤਕ ਪਹੁੰਚ ਚੁੱਕੀ ਹੈ। ਮੁੱਕਦੀ ਗੱਲ ਇਹ ਹੈ ਕਿ ਤੇਲ ਦੀਆਂ ਨਿੱਤ ਵੱਧ ਰਹੀਆਂ ਕੀਮਤਾਂ ਨੂੰ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਪੈਟਰੋਲ ਅਤੇ ਡੀਜ਼ਲ ਉਪਰ ਲੱਗੇ ਆਪਣੇ ਟੈਕਸਾਂ ਵਿੱਚ ਕਟੌਤੀ ਕਰਕੇ ਆਮ ਲੋਕਾਂ ਨੂੰ ਰਾਹਤ ਦੇਵੇ।