ਸੁਨਾਮ ਊਧਮ ਸਿੰਘ ਵਾਲਾ, 9 ਮਈ (ਸੁਭਾਸ਼ ਭਾਰਤੀ):
ਪਿਛਲੇ ਲੰਮੇ ਸਮੇਂ ਤੋਂ ਗ਼ੈਰਕਾਨੂੰਨੀ ਢੰਗ ਨਾਲ ਕਬਜਾ ਕੀਤੀਆਂ ਗਈਆਂ ਜਮੀਨਾਂ ਨੂੰ ਕਥਿਤ ਲੋਕਾਂ ਦੇ ਕਬਜ਼ੇ ਤੋਂ ਛਡਾਉਣ ਲਈ ਸਥਾਨਕ ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ, ਇਸ ਤਹਿਤ ਪਿੰਡ ਸਿੰਘਪੁਰਾ ਪੰਚਾਇਤ ਦੀ ਲਗਭਗ 3 ਏਕੜ ਜ਼ਮੀਨ ਜੋਕਿ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਇੱਕ ਵਿਅਕਤੀ ਵੱਲੋਂ ਕਬਜਾ ਕੀਤਾ ਹੋਇਆ ਸੀ ਅਤੇ ਇਸ ਬੇਸ਼ਕੀਮਤੀ ਜ਼ਮੀਨ ਨੂੰ ਅੱਜ ਸਖਤ ਕੋਸ਼ਿਸ਼ਾਂ ਸਦਕਾ ਛੁੜਵਾ ਲਿਆ ਗਿਆ ਹੈ। ਜ਼ਮੀਨ ਦਾ ਕਬਜਾ ਛੁੜਾਏ ਜਾਣ ਤੋਂ ਬਾਅਦ ਬੀਡੀਪੀਓ ਦਫ਼ਤਰ ਸੁਨਾਮ ਵੱਲੋਂ ਇਸ ਉੱਤੇ ਬਕਾਇਦਾ ਇੱਕ ਨੋਟਿਸ ਵੀ ਲਗਾਇਆ ਗਿਆ ਤਾਂਕਿ ਕਿਸੇ ਪ੍ਰਕਾਰ ਦੀ ਕੋਈ ਛੇੜਛਾੜ ਨਾ ਹੋਵੇ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਨੇ ਦੱਸਿਆ ਕਿ ਹਲਕੇ ਵਿੱਚ ਕਈ ਅਜਿਹੀਆਂ ਪੰਚਾਇਤੀ ਜ਼ਮੀਨਾਂ ਹਨ ਜਿੱਥੇ ਕੁਝ ਲੋਕਾਂ ਦਾ ਲੰਮੇ ਸਮੇਂ ਤੋਂ ਕਬਜਾ ਕੀਤਾ ਹੋਇਆ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਇਹ ਮਾਮਲਾ ਕਿਉਂ ਦਬਾਈ ਰੱਖਿਆ ਗਿਆ। ਬਾਜਵਾ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਸਰਪੰਚ ਸ਼ਾਂਤੀ ਦੇਵੀ ਨੂੰ ਜ਼ਮੀਨ ਦਾ ਕਬਜਾ ਦਿਵਾਇਆ ਗਿਆ ਅਤੇ ਕਿਸੇ ਪ੍ਰਕਾਰ ਦੀ ਛੇੜਛਾੜ ਤੋਂ ਬਚਣ ਲਈ ਬੀਡੀਪੀਓ ਦਫ਼ਤਰ ਵੱਲੋਂ ਇੱਕ ਨੋਟਿਸ ਵੀ ਲਗਾਇਆ ਗਿਆ ਹੈ। ਇਸ ਸਮੇਂ ਬਲਾਕ ਕਮੇਟੀ ਮੈਂਬਰ ਜੁਝਾਰ ਸਿੰਘ ਨੇ ਦੱਸਿਆ ਕਿ ਉਕਤ ਜ਼ਮੀਨ ਦਾ ਕਬਜਾ ਲੰਮੇ ਸਮੇਂ ਤੋਂ ਇੱਕ ਵਿਅਕਤੀ ਵੱਲੋਂ ਕੀਤਾ ਹੋਇਆ ਸੀ ਅਤੇ ਅੱਜ ਪੰਚਾਇਤ ਨੂੰ ਉਸਦੀ ਜ਼ਮੀਨ ਦਾ ਕਬਜਾ ਮਿਲ ਗਿਆ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਚਾਇਤੀ ਜ਼ਮੀਨਾਂ ਉੱਤੇ ਗ਼ੈਰਕਾਨੂੰਨੀ ਕਬਜ਼ਿਆਂ ਨੂੰ ਛੁਡਾਉਣ ਲਈ ਅਭਿਆਨ ਲਗਾਤਾਰ ਜਾਰੀ ਰਹੇਗਾ ਅਤੇ ਪੰਚਾਇਤੀ ਜਮੀਨਾਂ ਉੱਤੇ ਗ਼ੈਰਕਾਨੂੰਨੀ ਕਬਜਾ ਕਰਨ ਵਾਲਿਆਂ ਵੱਲੋਂ ਇਹ ਕਬਜ਼ਾ ਛੁਡਵਾ ਕੇ ਉਹ ਪੰਚਾਇਤਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਸੰਘਰਸ਼ ਕਰਦੇ ਰਹਿਣਗੇ।