* ਧਾਰਮਿਕ ਸਥਾਨ ਸਵੇਰੇ 5 ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ
ਬਰਨਾਲਾ, 8 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਵੱਲੋਂ ਵਿੱਢੀ ਮਿਸ਼ਨ ਫਤਿਹ ਮੁਹਿੰਮ ਅਧੀਨ ਪੜਾਅਵਾਰ ਅਣਲਾਕ ਤਹਿਤ ਸ਼ਾਪਿੰਗ ਮਾਲ, ਰੈੈਸਤਰਾਂ, ਹੋਟਲ ਤੇ ਧਾਰਮਿਕ ਸਥਾਨ ਖੋਲ੍ਹਣ ਦੇ ਦਿਸ਼ਾ ਨਿਰਦੇਸ਼ਾਂ ਦਿੱਤੇ ਗਏ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਮਿਸ਼ਨ ਫਤਿਹ ਤਹਿਤ ਸ਼ਾਪਿੰਗ ਮਾਲਾਂ, ਹੋਟਲਾਂ, ਪ੍ਰਾਹੁਣਚਾਰੀ ਸੇਵਾਵਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਸ਼ਾਪਿੰਗ ਮਾਲਾਂ ਸਬੰਧੀ ਹੁਕਮਾਂ ਅਨੁਸਾਰ ਸ਼ਾਪਿੰਗ ਮਾਲ ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ। ਇਸ ਦੌਰਾਨ ਮਾਲ ’ਚ ਦਾਖਲ ਹੋਣ ਵਾਲੇ ਵਿਅਕਤੀ ਲਈ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ। ਪਰਿਵਾਰ ਨਾਲ ਹੋਣ ਦੇ ਕੇਸ ਵਿਚ ਘੱਟੋ ਘੱਟ ਇਕ ਮੈਂਬਰ ਕੋਲ ਕੋਵਾ ਐਪ ਡਾਊਨਲੋਡ ਕੀਤੀ ਹੋਵੇ। ਇਸ ਦੌਰਾਨ ਇਕ ਤੋਂ ਦੂਜੇ ਵਿਅਕਤੀ ਵਿਚਕਾਰ ਘੱਟੋ ਘੱਟ 6 ਫੁੱਟ ਦੀ ਦੂਰੀ ਯਕੀਨੀ ਬਣਾਈ ਜਾਵੇ। ਪੰਜਾਬ ਸਰਕਾਰ ਵੱੱਲੋਂ ਨਿਰਧਾਰਿਤ ਸਮਰੱਥਾ ਤੋਂ ਵੱਧ ਵਿਅਕਤੀ ਇਕੋ ਸਮੇਂ ਦਾਖਲ ਨਾ ਹੋਣਾ ਯਕੀਨੀ ਬਣਾਇਆ ਜਾਵੇ। ਮੈਡੀਕਲ ਐਮਰਜੈਂਸੀ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਤੋਂ ਬਿਨਾਂ ਬਾਕੀਆਂ ਵੱਲੋਂ ਲਿਫਟ ਦੀ ਵਰਤੋਂ ਨਾ ਕਰਨਾ ਯਕੀਨੀ ਬਣਾਇਆ ਜਾਵੇ। ਮਾਲਾਂ ਵਿਚ ਰੈਸਤਰਾਂ ਅਤੇ ਫੂਡ ਕੋਰਟ ਵਿਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਰੈਸਤਰਾਂ ਸਬੰਧੀ ਉਨ੍ਹਾਂ ਆਖਿਆ ਕਿ ਪਹਿਲਾਂ ਵਾਂਗ ਖਾਣਾ ਪੈਕ ਕਰ ਕੇ ਲਿਜਾਣ ਅਤੇ ਹੋਮ ਡਿਲਿਵਰੀ ਦੀ ਹੀ ਇਜਾਜ਼ਤ ਹੈ। ਰੈਸਤਰਾਂ ਵਿਚ ਬੈਠ ਕੇ ਖਾਣ ਦੀ ਇਜਾਜ਼ਤ ਅਗਲੇ ਹੁਕਮਾਂ ਤੱਕ ਨਹੀਂ ਹੈ। ਹੋਮ ਡਿਲਿਵਰੀ ਸ਼ਾਮ 8 ਵਜੇ ਤੱਕ ਕੀਤੀ ਜਾ ਸਕਦੀ ਹੈ। ਸਬੰਧਤ ਰੈਸਤਰਾਂ ਦੇ ਪ੍ਰਬੰਧਕਾਂ ਰੈਸਤਰਾਂ ’ਤੇ ਸਾਫ ਸਫਾਈ, ਮਾਸਕ ਤੇ ਸਮਾਜਿਕ ਦੂਰੀ ਯਕੀਨੀ ਬਣਾਉਣਗੇ।
ਹੋਟਲਾਂ ਅਤੇ ਪ੍ਰਾਹਣਚਾਰੀ ਸੇਵਾਵਾਂ ਸਬੰਧੀ ਉਨ੍ਹਾਂ ਆਖਿਆ ਕਿ ਮਹਿਮਾਨਾਂ ਲਈ ਹੋਟਲ ਖੁੱਲ੍ਹੇ ਰਹਿ ਸਕਣਗੇ, ਪਰ ਹੋਟਲਾਂ ਰੈਸਤਰਾਂ ’ਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱੱਕ ਕਰਫਿਊ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਕਰਫਿਊ ਸਮੇਂ ਦੌਰਾਨ ਮਹਿਮਾਨ ਹੋਟਲ ਵਿਚ ਆਪਣੀ ਉਡਾਨ, ਰੇਲ ਆਦਿ ਦਾ ਸ਼ਡਿਊਲ ਦਿਖਾ ਕੇ ਦਾਖਲ ਹੋ ਸਕਣਗੇ। ਮਹਿਮਾਨਾਂ ਦੀ ਹਵਾਈ ਜਾਂ ਰੇਲ ਟਿਕਟ ਉਨ੍ਹਾਂ ਦਾ ਕਰਫਿਊ ਪਾਸ ਸਮਝਿਆ ਜਾਵੇਗਾ। ਹੋਟਲ ਪ੍ਰਬੰਧਕ ਹੋਟਲਾਂ ਵਿਚ ਸਾਫ-ਸਫਾਈ, ਮਾਸਕ, ਸਮਾਜਿਕ ਦੂਰੀ ਆਦਿ ਯਕੀਨੀ ਬਣਾਉਣਗੇ।
ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ। ਇੱਕ ਵੇਲੇ ਪੂਜਾ/ਪ੍ਰਾਰਥਨਾ/ਅਰਦਾਸ ਵਿੱਚ 20 ਤੋਂ ਵੱਧ ਵਿਅਕਤੀ ਸ਼ਾਮਲ ਨਾ ਹੋਣ ਅਤੇ ਇਸ ਦੌਰਾਨ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ। ਲੰਗਰ/ਪ੍ਰਸ਼ਾਦ ਜਾਂ ਹੋਰ ਖਾਣ ਦੀ ਵਸਤੂ ਆਦਿ ਵੰਡਣ ਦੀ ਆਗਿਆ ਨਹੀਂ ਹੋਵੇਗੀ। ਧਾਰਮਿਕ ਸਥਾਨਾਂ ਦੇ ਪ੍ਰਬੰਧ ਕਰੋਨਾ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਯਕੀਨੀ ਬਣਾਉਣਗੇ।