ਪਟਿਆਲਾ (ਪ੍ਰੈਸ ਕਿ ਤਾਕਤ) ਉਪਭੋਗਤਾਵਾਂ ਨੂੰ ਆਨ-ਲਾਈਨ ਤਰੀਕੇ ਨਾਲ ਸ਼ਿਕਾਇਤ ਦਰਜ਼ ਕਰਾਉਣ ਲਈ ਸ਼ੁਰੂ ਕੀਤੇ ਗਏ ‘ਈ-ਦਾਖਲ ਪੋਰਟਲ’ ਸਬੰਧੀ ਜਾਣਕਾਰੀ ਦੇਣ ਲਈ ਅੱਜ ਗ਼ੈਰ ਸਰਕਾਰੀ ਸਮਾਜ ਸੇਵੀ ਸੰਗਠਨਾਂ, ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਹੋਰ ਸਬੰਧਤਾਂ ਨੂੰ ਪੋਰਟਲ ਦੀ ਵਰਤੋਂ ਸਬੰਧੀ ਆਨ ਲਾਈਨ ਸਿਖਲਾਈ ਦਿੱਤੀ ਗਈ।
ਐਨ.ਆਈ.ਸੀ. ਦੀ ਟੀਮ ਵੱਲੋਂ ਦਿੱਤੀ ਗਈ ਸਿਖਲਾਈ ‘ਚ ਸ਼ਿਕਾਇਤਾਂ ਦਾਖਲ ਕਰਨ ਬਾਰੇ ਡੈਮੋ ਦਿੰਦਿਆ ਦੱਸਿਆ ਗਿਆ ਕਿ ਉਪਭੋਗਤਾਵਾਂ ਹੁਣ ਕੰਜਿਊਮਰ ਕੋਰਟ ‘ਚ ਬਿਨ੍ਹਾਂ ਜਾਏ ਵੀ ਆਪਣੀ ਸ਼ਿਕਾਇਤ ਆਨ-ਲਾਈਨ ਦਰਜ਼ ਕਰਵਾ ਸਕਦਾ ਹੈ ਅਤੇ ਸਮੇਂ-ਸਮੇਂ ‘ਤੇ ਆਪਣੀ ਸ਼ਿਕਾਇਤ ਦਾ ਸਟੇਟਸ ਜਾਣ ਸਕਦਾ ਹੈ। ਟਰੇਨਿੰਗ ਦੌਰਾਨ ਦੱਸਿਆ ਗਿਆ ਕਿ ਈ-ਫਾਈਲਿੰਗ ਰਾਹੀਂ ਸ਼ਿਕਾਇਤਾਂ ਦਾਇਰ ਕਰਨਾ ਬਹੁਤ ਹੀ ਆਸਾਨ ਹੈ ਅਤੇ ਕੁਝ ਹੀ ਸਮੇਂ ‘ਚ ਉਪਭੋਗਤਾ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ।
ਟਰੇਨਿੰਗ ਲੈਣ ਉਪਰੰਤ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਹਰਸ਼ਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਨਵੇਂ ਈ-ਦਾਖਿਲ ਪੋਰਟਲ ਨਾਲ ਉਪਭੋਗਤਾਵਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਵਿੱਚ ਮਦਦ ਮਿਲੇਗੀ। ਇਸ ਪੋਰਟਲ ਨਾਲ ਉਪਭੋਗਤਾਵਾਂ ਨੂੰ ਇੱਕ ਅਜਿਹੀ ਸਮਰੱਥ ਪ੍ਰਣਾਲੀ ਦੀ ਮਦਦ ਮਿਲੇਗੀ ਜੋ ਕਿ ਉਨ੍ਹਾਂ ਨੂੰ ਵਪਾਰੀਆਂ ਹੱਥੋਂ ਸ਼ੋਸ਼ਣ ਤੋਂ ਬਚਾਉਣ ਦੇ ਨਾਲ ਵੀ ਸਹਿਜ ਢੰਗ ਨਾਲ ਉਪਭੋਗਤਾ ਅਦਾਲਤਾਂ ਤੱਕ ਪਹੁੰਚ ਕਰਨ ਵਿੱਚ ਸਹਾਈ ਹੋਵੇਗੀ।
ਆਨ-ਲਾਈਨ ਮੀਟਿੰਗ ‘ਚ ਪ੍ਰਧਾਨ ਜ਼ਿਲ੍ਹਾ ਖਪਤਕਾਰ ਕਮਿਸ਼ਨ ਜਸਜੀਤ ਸਿੰਘ ਭਿੰਡਰ, ਡੀ.ਐਮ.ਏ. ਕਰਨ ਕੁਮਾਰ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਐਡਵੋਕੇਟ ਜਤਿੰਦਰਪਾਲ ਸਿੰਘ ਘੁੰਮਣ, ਸਕੱਤਰ ਅਵਨੀਤ ਸਿੰਘ ਬਿਲਿੰਗ, ਐਡਵੋਕੇਟ ਗੁਰਪ੍ਰੀਤ ਸਿੰਘ, ਐਡਵੋਕੇਟ ਮਨਿੰਦਰ ਸਿੰਘ ਅਤੇ ਏ.ਐਫ.ਐਸ.ਓ. ਪ੍ਰਿਥੀ ਸਿੰਘ ਵੀ ਮੌਜੂਦ ਸਨ।