ਪਟਿਆਲਾ, 27 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਜ਼ਿਲ੍ਹੇ ਦਾ ਇੱਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ। ਭਾਰਤੀ ਫ਼ੌਜ ਦੀ ਰੈਜੀਮੈਂਟ, 58 ਇੰਜੀਨੀਅਰਜ ਦੇ ਲਾਂਸ ਨਾਇਕ ਸਲੀਮ ਖ਼ਾਨ ਦੀ ਮ੍ਰਿਤਕ ਦੇਹ ਲੇਹ ਤੋਂ ਵਿਸ਼ੇਸ਼ ਹਵਾਈ ਜਹਾਜ ਰਾਹੀਂ ਰਵਾਨਾ, ਅੱਜ ਬਾਅਦ ਦੁਪਹਿਰ 2 ਵਜੇ ਪਟਿਆਲਾ-ਬਲਬੇੜਾ ਰੋਡ ਉਪਰ ਪੈਂਦੇ ਪਿੰਡ ਮਰਦਾਂਹੇੜੀ ਵਿਖੇ ਪੁੱਜੇਗੀ।ਉਸ ਤੋਂ ਬਾਅਦ ਸਪੁਰਦ-ਏ-ਖ਼ਾਕ ਕਰਨ ਦੀਆਂ ਰਸਮਾਂ ਹੋਣਗੀਆਂ।
14 ਜਨਵਰੀ 1996 ਨੂੰ ਪਿਤਾ ਮੰਗਲ ਦੀਨ ਅਤੇ ਮਾਤਾ ਨਸੀਮਾ ਬੇਗਮ ਦੇ ਘਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਾਂਹੇੜੀ ਵਿਖੇ ਜਨਮਿਆ ਸਲੀਮ ਖ਼ਾਨ ਫਰਵਰੀ 2014 ਨੂੰ ਭਾਰਤੀ ਫ਼ੌਜ ਦੀ ਬੰਗਾਲ ਇੰਜੀਨੀਅਰ ਰੈਜੀਮੈਂਟ ‘ਚ ਭਰਤੀ ਹੋਇਆ ਸੀ। ਉਹ ਆਪਣੇ ਪਿੱਛੇ ਮਾਤਾ, ਇੱਕ ਭੈਣ ਸੁਲਤਾਨਾ ਅਤੇ ਇੱਕ ਭਰਾ ਨਿਆਮਤ ਅਲੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸਲੀਮ ਖ਼ਾਨ ਨੂੰ ਦੇਸ਼ ਸੇਵਾ ਦੀ ਗੁੜਤੀ ਪਰਿਵਾਰ ਵਿੱਚੋਂ ਮਿਲੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜਨਾਬ ਮੰਗਲ ਦੀਨ ਨੇ ਵੀ ਭਾਰਤੀ ਫ਼ੌਜ ‘ਚ ਸੇਵਾ ਨਿਭਾਈ ਸੀ ਅਤੇ ਡਿਊਟੀ ਦੌਰਾਨ ਇੱਕ ਹਾਦਸੇ ਕਾਰਨ ਉਹ ਸੇਵਾ ਮੁਕਤ ਹੋ ਗਏ ਸਨ ਅਤੇ ਕਰੀਬ 18 ਸਾਲ ਪਹਿਲਾਂ ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ ਸੀ।
ਲਾਂਸ ਨਾਇਕ ਸਲੀਮ ਖ਼ਾਨ ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ਵਿੱਚ ਭਾਰਤ-ਚੀਨ ਸਰਹੱਦ ਨੇੜੇ ਲਦਾਖ ਖੇਤਰ ‘ਚ ਵਗਦੀ ਸ਼ਿਓਕ ਨਦੀ ਨੇੜੇ ਜੋਖ਼ਮ ਭਰੇ ਹਾਲਾਤ ਵਿਖੇ ਭਾਰਤੀ ਫ਼ੌਜ ਦੇ ਓਪਰੇਸ਼ਨ ਖੇਤਰ ਵਿੱਚ ਆਪਣੀ ਇੰਜੀਨੀਅਰਿੰਗ ਦੀ ਡਿਊਟੀ ‘ਤੇ ਤਾਇਨਾਤ ਸੀ। ਇਸ ਰੈਜੀਮੈਂਟ ਵੱਲੋਂ 26 ਜੂਨ ਨੂੰ ਬਾਅਦ ਦੁਪਹਿਰ ਕਰੀਬ 1.30 ਵਜੇ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਭਾਰਤੀ ਫ਼ੌਜ ਦੇ ਓਪਰੇਸ਼ਨ ਸਬੰਧੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਣ ਦੀ ਡਿਊਟੀ ਨਿਭਾਈ ਜਾ ਰਹੀ ਸੀ। ਇਸ ਦੌਰਾਨ ਅਚਾਨਕ ਵਾਪਰੇ ਹਾਦਸੇ ਕਰਕੇ ਸਲੀਮ ਖ਼ਾਨ ਦੀ ਕਿਸ਼ਤੀ ਪਲਟ ਗਈ ਅਤੇ ਸਲੀਮ ਖ਼ਾਨ ਕਰੀਬ ਬਾਅਦ ਦੁਪਹਿਰ ਕਰੀਬ 3.20 ‘ਤੇ ਸ਼ਹਾਦਤ ਦਾ ਜਾਮ ਪੀ ਗਿਆ।
 
                                 
		    